ਰਾਮ ਮੰਦਰ ਕਦੇ ਵੀ ਚੋਣ ਮੁੱਦਾ ਨਹੀਂ ਰਿਹਾ ਅਤੇ ਨਾ ਹੀ ਕਦੇ ਹੋਵੇਗਾ: PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ’ਚ ਰਾਮ ਮੰਦਰ ਨੂੰ ਭਾਰਤੀ ਜਨਮਾ ਪਾਰਟੀ (ਭਾਜਪਾ) ਦਾ ‘ਚੋਣ ਮੁੱਦਾ’ ਦੱਸਣ ਲਈ ਸ਼ੁਕਰਵਾਰ ਨੂੰ ਵਿਰੋਧੀ ਧੜੇ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਦੇਸ਼ ਦੇ ਲੋਕਾਂ ਦੀ ਆਸਥਾ ਦਾ ਮਾਮਲਾ ਹੈ। ਉਨ੍ਹਾਂ ਨੇ ਕਾਂਗਰਸ ਪਾਰਟੀ ਅਤੇ ਉਸ ਦੇ ਸਹਿਯੋਗੀਆਂ ਦੀ ਮਾਨਸਿਕਤਾ ਦੀ ਤੁਲਨਾ ਮੁਗਲਾਂ ਨਾਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੰਦਰਾਂ ਵਿਚ ਭੰਨਤੋੜ ਕਰਨ ਵਿਚ ਮਜ਼ਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਅਪਣੇ ਵੋਟ ਬੈਂਕ ਨੂੰ ਮਜ਼ਬੂਤ ਕਰਨ ਲਈ ਵਿਰੋਧੀ ਧਿਰ ਦੇ ਨੇਤਾ ਨਰਾਤਿਆਂ ਦੇ ਮਹੀਨੇ ਦੌਰਾਨ ਮੀਟ ਪਕਾਉਣ ਦੀਆਂ ਵੀਡੀਉ ਵਿਖਾ ਕੇ ਬਹੁਗਿਣਤੀ ਭਾਈਚਾਰੇ ਨੂੰ ਪ੍ਰੇਸ਼ਾਨ ਕਰਨ ਦਾ ਕੰਮ ਕਰਦੇ ਹਨ। ਉਨ੍ਹਾਂ ਕਿਹਾ, ‘‘ਤੁਸੀਂ ਵੇਖਿਆ ਹੋਵੇਗਾ ਕਿ ਕਾਂਗਰਸ ਰਾਮ ਮੰਦਰ ਤੋਂ ਕਿੰਨੀ ਨਫ਼ਰਤ ਕਰਦੀ ਹੈ। ਜਦੋਂ ਮੰਦਰ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਕਾਂਗਰਸ ਅਤੇ ਉਸ ਦਾ ਪੂਰਾ ਈਕੋਸਿਸਟਮ ਰੌਲਾ ਪਾਉਣਾ ਸ਼ੁਰੂ ਕਰ ਦਿੰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਾਮ ਮੰਦਰ ਭਾਜਪਾ ਲਈ ਚੋਣ ਮੁੱਦਾ ਹੈ। ਇਹ ਕਦੇ ਵੀ ਚੋਣ ਮੁੱਦਾ ਨਹੀਂ ਸੀ ਅਤੇ ਨਾ ਹੀ ਕਦੇ ਚੋਣ ਮੁੱਦਾ ਹੋਵੇਗਾ। ’’ਸਖਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਮੋਦੀ ਨੇ ਊਧਮਪੁਰ ’ਚ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਲਈ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ, ਜੋ ਆਗਾਮੀ ਲੋਕ ਸਭਾ ਚੋਣਾਂ ’ਚ ਊਧਮਪੁਰ ਸੀਟ ਤੋਂ ਲਗਾਤਾਰ ਤੀਜੀ ਵਾਰ ਚੋਣ ਲੜ ਰਹੇ ਹਨ। ਮੋਦੀ ਨੇ ਕਿਹਾ ਕਿ ਰਾਮ ਮੰਦਰ ਅੰਦੋਲਨ ਉਦੋਂ ਸ਼ੁਰੂ ਹੋਇਆ ਸੀ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦਾ ਜਨਮ ਵੀ ਨਹੀਂ ਹੋਇਆ ਸੀ। ਉਨ੍ਹਾਂ ਕਿਹਾ, ‘‘ਇਹ ਮੁੱਦਾ ਉਸ ਸਮੇਂ ਸੀ ਜਦੋਂ ਅੰਗਰੇਜ਼ ਆ ਰਹੇ ਸਨ। ਇਹ 500 ਸਾਲ ਪੁਰਾਣਾ ਮਾਮਲਾ ਸੀ ਜਦੋਂ ਚੋਣਾਂ ਬਾਰੇ ਕੋਈ ਵਿਚਾਰ ਨਹੀਂ ਸੀ। ’’ਮੰਦਰ ਦੇ ਸਥਾਪਨਾ ਸਮਾਰੋਹ ਦਾ ਸੱਦਾ ਠੁਕਰਾ ਦੇਣ ਲਈ ਕਾਂਗਰਸ ’ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ, ‘‘ਇਹ ਕਿਸ ਤਰ੍ਹਾਂ ਦੀ ਚੋਣ ਖੇਡ ਸੀ ਕਿ ਤੁਸੀਂ ਇਸ ਪਵਿੱਤਰ ਸਮਾਗਮ ਦੇ ਸੱਦੇ ਨੂੰ ਰੱਦ ਕਰ ਦਿਤਾ, ਇਹ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਲਈ ਚੋਣ ਮੁੱਦਾ ਹੈ ਜਦਕਿ ਇਹ ਦੇਸ਼ ਦੇ ਲੋਕਾਂ ਲਈ ਸ਼ਰਧਾ ਅਤੇ ਵਿਸ਼ਵਾਸ ਦਾ ਮਾਮਲਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੰਦਰ ਸਹਿਣਸ਼ੀਲਤਾ ਦੀ ਜਿੱਤ ਹੈ। ਉਨ੍ਹਾਂ ਕਿਹਾ, ‘‘ਇਹ 500 ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਜਿੱਤ ਹੈ। ਜਦੋਂ ਵਿਦੇਸ਼ੀ ਹਮਲਾਵਰਾਂ ਨੇ ਮੰਦਰਾਂ ’ਚ ਭੰਨਤੋੜ ਕੀਤੀ, ਤਾਂ ਭਾਰਤ ਦੇ ਲੋਕਾਂ ਨੇ ਅਪਣੇ ਧਾਰਮਕ ਸਥਾਨਾਂ ਦੀ ਰਾਖੀ ਲਈ ਲੜਾਈ ਲੜੀ। ਉਨ੍ਹਾਂ ਨੂੰ ਅਪਣੇ ਵਿਸ਼ਵਾਸ ਦੀ ਰੱਖਿਆ ਕਰਨ ਲਈ ਸੱਭ ਤੋਂ ਬੁਰੇ ਹਾਲਾਤ ਦਾ ਸਾਹਮਣਾ ਕਰਨਾ ਪਿਆ। ’’ਕਾਂਗਰਸ ਅਤੇ ਉਸ ਦੇ ਸਹਿਯੋਗੀਆਂ ਦੇ ਨੇਤਾਵਾਂ ’ਤੇ ਨਿਸ਼ਾਨਾ ਸਾਧਦੇ ਹੋਏ ਮੋਦੀ ਨੇ ਕਿਹਾ, ‘‘ਜਦੋਂ ਰਾਮ ਲਲਾ ਤੰਬੂ ’ਚ ਰਹਿ ਰਹੇ ਸਨ ਤਾਂ ਉਹ ਵੱਡੇ ਬੰਗਲਿਆਂ ’ਚ ਰਹਿ ਰਹੇ ਸਨ। ਲੋਕ ਮੀਂਹ ਦੌਰਾਨ ਤੰਬੂ ਬਦਲਣ ਲਈ ਇੱਧਰ-ਉੱਧਰ ਭੱਜਦੇ ਸਨ ਪਰ ਉਨ੍ਹਾਂ ਨੂੰ ਅਦਾਲਤੀ ਕੇਸਾਂ ਦੀ ਧਮਕੀ ਦਿਤੀ ਜਾਂਦੀ ਸੀ। ਇਹ ਉਨ੍ਹਾਂ ਕਰੋੜਾਂ ਲੋਕਾਂ ਦੀ ਆਸਥਾ ’ਤੇ ਹਮਲਾ ਸੀ ਜੋ ਰਾਮ ਨੂੰ ਪਿਆਰ ਕਰਦੇ ਹਨ। ਅਸੀਂ ਇਨ੍ਹਾਂ ਲੋਕਾਂ ਨੂੰ ਕਿਹਾ ਕਿ ਇਕ ਦਿਨ ਰਾਮ ਅਪਣੇ ਮੰਦਰ ਵਾਪਸ ਆ ਜਾਵੇਗਾ। ਤਿੰਨ ਚੀਜ਼ਾਂ ਨਾ ਭੁੱਲੋ: 500 ਸਾਲਾਂ ਦੀ ਲੜਾਈ ਤੋਂ ਬਾਅਦ, ਇਹ ਹੁਣ ਇਕ ਹਕੀਕਤ ਹੈ. ਦੂਜਾ, ਇਹ ਨਿਆਂਪਾਲਿਕਾ ਦੀ ਪੂਰੀ ਪ੍ਰਕਿਰਿਆ ਰਾਹੀਂ ਕੀਤਾ ਗਿਆ ਹੈ। ਇਸ ਦੀ ਜਾਂਚ ਅਦਾਲਤ ਦੇ ਫੈਸਲੇ ਅਤੇ ਇਸ ਦੀ ਨਿਆਂ ਪ੍ਰਣਾਲੀ ਵਲੋਂ ਕੀਤੀ ਗਈ ਹੈ। ਤੀਜਾ, ਭਾਰਤ ਦੇ ਲੋਕਾਂ ਨੇ ਮੰਦਰ ਦੀ ਉਸਾਰੀ ਲਈ ਇਕ-ਇਕ ਪੈਸਾ ਦਿਤਾ, ਸਰਕਾਰ ਨੇ ਨਹੀਂ।

Leave a Reply

Your email address will not be published. Required fields are marked *