ਵੀਰਵਾਰ ਰਾਤ ਤੋਂ ਲਾਪਤਾ ਦੱਸੇ ਜਾ ਰਹੇ ਮੰਡੀ ਗੋਬਿੰਦਗੜ੍ਹ ਦੇ 35 ਸਾਲਾ ਕਾਰੋਬਾਰੀ ਸੰਤੋਸ਼ ਕੁਮਾਰ ਦੀ ਕਾਰ ਭਾਖੜਾ ਨਹਿਰ ਵਿਚੋਂ ਫਲੋਟਿੰਗ ਰੈਸਟੋਰੈਂਟ ਸਰਹਿੰਦ ਨੇੜੇ ਤੋਂ ਬਰਾਮਦ ਹੋਈ ਹੈ। ਗੋਤਾਖੋਰਾਂ ਤੇ ਕ੍ਰੇਨ ਦੀ ਮਦਦ ਨਾਲ ਨਹਿਰ ’ਚੋਂ ਕਾਰ ਬਾਹਰ ਕਢਵਾ ਰਹੇ ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰ ਤੋਂ ਹੀ ਉਨ੍ਹਾਂ ਦੀ ਟੀਮ ਕਾਰ ਤੇ ਚਾਲਕ ਦੀ ਭਾਲ ਕਰ ਹੈ। ਉਨਾਂ ਦੱਸਿਆ ਕਿ ਸਰਹਿੰਦ ਦੇ ਫਲੋਟਿੰਗ ਰੈਸਟੋਰੈਂਟ ਨਜ਼ਦੀਕ ਨਹਿਰ ਕੰਢਿਓਂ ਕਾਰ ਦੇ ਟਾਇਰਾਂ ਦੇ ਨਿਸ਼ਾਨ ਮਿਲੇ ਸਨ ਜਿੱਥੋਂ ਨਹਿਰ ’ਚੋਂ ਕਾਰ ਦੀ ਤਲਾਸ਼ ਕਰਦੇ-ਕਰਦੇ ਗੋਤਾਖੋਰ ਜਦੋਂ ਕਰੀਬ ਢਾਈ ਕਿੱਲੋਮੀਟਰ ਅੱਗੇ ਸੌਂਢਾ ਹੈੱਡ ਨੇੜੇ ਪਹੁੰਚੇ ਤਾਂ ਉਥੋਂ ਨਹਿਰ ’ਚੋਂ ਚਿੱਟੇ ਰੰਗ ਦੀ ਹੁੰਡਈ ਕਾਰ ਮਿਲੀ ਪਰ ਕਾਰ ਦਾ ਚਾਲਕ ਕਾਰ ’ਚੋਂ ਨਹੀਂ ਮਿਲਿਆ ਜਿਸ ਦੀ ਭਾਲ ਜਾਰੀ ਹੈ। ਜਾਣਕਾਰੀ ਅਨੁਸਾਰ ਸੰਤੋਸ਼ ਕੁਮਾਰ, ਵਾਸੀ ਗੁਰੂ ਨਾਨਕ ਕਾਲੋਨੀ ਨਿਵਾਸੀ, ਮੰਡੀ ਗੋਬਿੰਦਗੜ੍ਹ ਕਾਰ ਵਿੱਚ ਸਵਾਰ ਹੋ ਕੇ ਬੀਤੀ ਰਾਤ ਘਰੋਂ ਗਿਆ ਸੀ। ਉਸ ਨੇ ਆਪਣੇ ਪਰਿਵਾਰਕ ਮੈਂਬਰ ਨੂੰ ਫੋਨ ਕੀਤਾ ਕਿ ਉਹ ਵਾਪਸ ਨਹੀਂ ਆਵੇਗਾ। ਉਪਰੰਤ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਡੀਐਸਪੀ ਫਤਹਿਗੜ੍ਹ ਸਾਹਿਬ ਸੁਖਨਾਜ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੰਤੋਸ਼ ਕੁਮਾਰ ਦੇ ਛੋਟੇ ਦੋ ਬੱਚੇ ਹਨ। ਪਰਿਵਾਰਕ ਮੈਂਬਰਾਂ ਅਨੁਸਾਰ ਸੰਤੋਸ਼ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸੀ। ਰੋਜ਼ ਦੀ ਤਰ੍ਹਾਂ ਸੰਤੋਸ਼ ਰਾਤ ਨੂੰ ਘਰ ਆਇਆ ਅਤੇ ਆਪਣਾ ਵਾਹਨ ਘਰ ਵਿਚ ਖੜ੍ਹਾ ਕਰਨ ਤੋ ਬਾਅਦ ਮੁੜ ਕਾਰ ਵਿਚ ਕਿਤੇ ਚਲਾ ਗਿਆ ਸੀ।