ਡਰਾਈਵਰ ਦੀ ਲਾਪਰਵਾਹੀ ਕਾਰਨ ਬਜ਼ੁਰਗ ਔਰਤ ਦੀ ਦਰਦਨਾਕ ਮੌਤ, ਚੱਲਦੀ ਬੱਸੀ ‘ਚੋਂ ਡਿੱਗੀ; ਡਰਾਈਵਰ ਨੇ ਦੋ ਕਿੱਲੋਮੀਟਰ ਅੱਗੇ ਜਾ ਕੇ ਰੋਕੀ ਬੱਸ

ਮਿੰਨੀ ਬੱਸ ਡਰਾਈਵਰ ਦੀ ਅਣਗਹਿਲੀ ਕਾਰਨ ਬਜ਼ੁਰਗ ਔਰਤ ਦੀ ਦਰਦਨਾਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮ੍ਰਿਤਕ ਬਲਵੀਰ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਪਿੰਡ ਢੇਸੀਆਂ ਕਾਹਨਾਂ ਤੋਂ ਦਵਾਈ ਲੈਣ ਲਈ ਬੰਡਾਲਾ ਦੇ ਸਰਕਾਰੀ ਹਸਪਤਾਲ ਗਈ ਸੀ। ਜਦੋਂ ਦਵਾਈ ਲੈਣ ਤੋਂ ਬਾਅਦ ਉਹ ਬੰਡਾਲਾ ਤੋਂ ਵਾਪਸ ਮਿੰਨੀ ਬਸ ‘ਚ ਪਿੰਡ ਨੂੰ ਆ ਰਹੀ ਸੀ ਤਾਂ ਬਸ ਡਰਾਈਵਰ ਵੱਲੋਂ ਤੇਜ਼ ਰਫਤਾਰ ਤੇ ਅਣਗਹਿਲੀ ਨਾਲ ਬੱਸ ਚਲਾਉਣ ਕਾਰਨ ਇਕ ਮੋੜ ਤੋਂ ਉਨ੍ਹਾਂ ਦੀ ਮਾਤਾ ਚੱਲਦੀ ਬਸ ਤੋਂ ਦਰਵਾਜ਼ੇ ‘ਚੋਂ ਹੇਠਾਂ ਸੜਕ ‘ਤੇ ਡਿੱਗ ਗਈ। ਸਵਾਰੀਆਂ ਨੇ ਬੱਸ ਡਰਾਈਵਰ ਨੂੰ ਦੱਸਿਆ ਪਰ ਉਸ ਨੇ ਬੱਸ ਨਹੀਂ ਰੋਕੀ। ਕਰੀਬ ਦੋ ਕਿਲੋਮੀਟਰ ਅੱਗੇ ਜਾ ਕੇ ਬੱਸ ਰੋਕੀ ਤੇ ਇਕ ਜਣੇ ਨੇ ਹੇਠਾ ਉਤਰ ਕੇ ਦੇਖਿਆ ਕਿ ਉਨ੍ਹਾਂ ਦੇ ਸਿਰ ‘ਚ ਸੱਟ ਲੱਗੀ ਹੈ। ਇਸ ਤੋਂ ਬਾਅਦ ਇੱਕ ਆਟੋ ਵਾਲਾ ਉਨ੍ਹਾਂ ਨੂੰ ਹਸਪਤਾਲ ਲੈ ਕੇ ਗਿਆ ਜਿੱਥੋਂ ਉਨ੍ਹਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਇੱਥੇ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਉਨ੍ਹਾਂ ਦੀ ਮਾਤਾ ਦੀ ਮੌਤ ਹੋਈ ਹੈ ਜਿਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਬੱਸ ਦੇ ਕਾਗਜ਼ਾਤ ਪਰਮਟ ਰੂਟ ਚੈੱਕ ਕੀਤਾ ਜਾਵੇ। ਬਸ ਡਰਾਈਵਰ ਕੋਲ ਲਾਇਸੈਂਸ ਤਕ ਨਹੀਂ ਹੈ। ਕਿਸ ਤਰ੍ਹਾਂ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਸੁੱਤਾ ਪਿਆ ਹੈ। ਇਸ ਸਬੰਧੀ ਚੌਕੀ ਇੰਚਾਰਜ ਰੁੜਕਾ ਕਲਾਂ ਏਐਸਆਈ ਚਰਨਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਬਲਵੀਰ ਕੌਰ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ‘ਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਤੇ ਬੱਸ ਨੂੰ ਵੀ ਫੜ ਲਿਆ ਹੈ।

Leave a Reply

Your email address will not be published. Required fields are marked *