ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਹਨ । ਜਿਸ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋਇਆ ਪਿਆ ਹੈ। ਉੱਥੇ ਹੀ ਇਸ ਵਿਚਾਲੇ ਬਰਨਾਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ PRTC ਦੇ ਮੁਲਾਜ਼ਮ ਦੀ ਗਰਮੀ ਕਾਰਨ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪੀਆਰਟੀਸੀ ਡਿਪੂ ਵਿੱਚ ਮਿਸਤਰੀ ਦਾ ਕੰਮ ਕਰਦਾ ਸੀ। ਪਟਿਆਲਾ ਵਿੱਚ ਖਰਾਬ ਹੋਈ ਪੀਆਰਟੀਸੀ ਦੀ ਬੱਸ ਦੀ ਮੁਰੰਮਤ ਕਰਕੇ ਵਾਪਸ ਆਉਂਦੇ ਸਮੇਂ ਅਚਾਨਕ ਉਸਦੀ ਤਬੀਅਤ ਵਿਗੜ ਗਈ ਅਤੇ ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿੱਚ ਉਸਦੀ ਮੌਤ ਹੋ ਗਈ। ਦੱਸ ਦੇਈਏ ਕਿ PRTC ਤੇ ਪਨਬੱਸ ਮੁਲਾਜ਼ਮ ਯੂਨੀਅਨ ਨੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਉੱਥੇ ਹੀ ਦੂਜੇ ਪਾਸੇ ਪੀਆਰਟੀਸੀ ਮੈਨੇਜਮੈਂਟ ਦੇ ਨਾਲ ਯੂਨੀਅਨ ਦੀ ਬੈਠਕ ਵੀ ਹੋਈ ਪਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਜਿਸ ਦੇ ਰੋਸ ਵਜੋਂ ਬਰਨਾਲਾ ਡਿਪੂ ਦੀਆਂ ਬੱਸਾਂ ਬੰਦ ਕਰ ਦਿੱਤੀਆਂ ਗਈਆਂ।