ਹਿਮਾਚਲ ਪ੍ਰਦੇਸ਼ ‘ਚ ਪੰਜਾਬੀ ਨੌਜਵਾਨਾਂ ਨਾਲ ਦੁਰ-ਵਿਹਾਰ ਅਤੇ ਕੁੱਟਮਾਰ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਹੁਣ ਮਨਾਲੀ ‘ਚ ਨਵਾਂ ਵਾਕਿਆ ਸਾਹਮਣੇ ਆਇਆ ਹੈ, ਜਿਥੇ ਹਿਮਾਚਲ ਦੇ ਕੁੱਝ ਨੌਜਵਾਨਾਂ ਵੱਲੋਂ ਇੱਕ ਪੰਜਾਬੀ ਟੈਕਸੀ ਡਰਾਈਵਰ ਦੀ ਕੁੱਟਮਾਰ ਕੀਤੀ ਗਈ ਹੈ। ਘਟਨਾ ਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਕੁੱਟਮਾਰ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਟੈਕਸੀ ਡਰਾਈਵਰ ਵੀ ਸਖਤ ਐਕਸ਼ਨ ਲੈਂਦੇ ਵਿਖਾਈ ਦੇ ਰਹੇ ਹਨ ਅਤੇ ਹਿਮਾਚਲ ਦੀਆਂ ਸਾਰੀਆਂ ਬੁਕਿੰਗਾਂ ਰੱਦ ਕਰ ਰਹੇ ਹਨ। ਆਜ਼ਾਦ ਟੈਕਸੀ ਯੂਨੀਅਨ ਪੰਜਾਬ ਨੇ ਮਨਾਲੀ ‘ਚ ਟੈਕਸੀ ਡਰਾਈਵਰ ਦੀ ਕੁੱਟਮਾਰ ਦਾ ਸਖਤ ਨੋਟਿਸ ਲਿਆ ਹੈ। ਯੂਨੀਅਨ ਵੱਲੋਂ ਹਿਮਾਚਲ ਦੀਆਂ ਸਾਰੀਆਂ ਬੁਕਿੰਗਾਂ ਰੱਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਸਮੂਹ ਟੈਕਸੀ ਡਰਾਈਵਰਾਂ ਨੂੰ ਵੀ ਅਜਿਹਾ ਹੀ ਕਰਨ ਲਈ ਕਿਹਾ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਾਫਲਾ ਹਿਮਾਚਲ ਵੀ ਲੈ ਕੇ ਜਾਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ। ਪੰਜਾਬੀ ਟੈਕਸੀ ਡਰਾਈਵਰ ਨਾਲ ਕੁੱਟਮਾਰ ਦੀ ਇਹ ਘਟਨਾ ਮਨਾਲੀ ਵਿੱਚ ਵਾਪਰੀ ਹੈ, ਜਿਸ ਤੋਂ ਬਾਅਦ ਪੰਜਾਬੀਆਂ ਵਿੱਚ ਭਖਵਾਂ ਰੋਸ ਪਾਇਆ ਜਾ ਰਿਹਾ ਹੈ। ਕਿਵੇਂ ਇੱਕ ਪੰਜਾਬੀ ਟੈਕਸੀ ਡਰਾਈਵਰ ਜਦੋਂ ਪਾਰਕਿੰਗ ਵਿੱਚ ਕਾਰ ਲਗਾਉਣ ਲਈ ਸੜਕ ‘ਤੇ ਮੋੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸ ਦੌਰਾਨ ਹੀ ਕੁੱਝ ਹਿਮਾਚਲ ਦੇ ਨੌਜਵਾਨ ਉਸ ਉਪਰ ਅਚਾਨਕ ਹਮਲਾ ਕਰ ਦਿੰਦੇ ਹਨ। ਹਮਲੇ ਵਿੱਚ ਟੈਕਸੀ ਡਰਾਈਵਰ ਦੇ ਮੂੰਹ ਵਿੱਚੋਂ ਖੂਨ ਵੀ ਨਿਕਲਣ ਲੱਗ ਜਾਂਦਾ ਹੈ। ਆਪਣੇ ਉਪਰ ਹੋਏ ਹਮਲੇ ਸਬੰਧੀ ਪੀੜਤ ਟੈਕਸੀ ਡਰਾਈਵਰ ਨੇ ਦੱਸਿਆ ਕਿ ਉਹ ਇੱਕ ਹੋਟਲ ਦੇ ਬਾਹਰ ਟੈਕਸੀ ਪਾਰਕਿੰਗ ਕਰਨ ਲੱਗਾ ਸੀ ਤਾਂ ਜਦੋਂ ਉਹ ਸੜਕ ‘ਤੇ ਗੱਡੀ ਮੋੜਨ ਲੱਗਿਆ ਤਾਂ ਉਸ ਨੇ ਦੂਜੀਆਂ ਕਾਰਾਂ ਵਾਲਿਆਂ ਨੂੰ ਇੱਕ ਮਿੰਟ ਰੁਕਣ ਲਈ ਕਿਹਾ ਪਰ ਉਨ੍ਹਾਂ ਨੇ ਅਚਾਨਕ ਉਸ ਨਾਲ ਬਹਿਸ ਕਰਦੇ ਹੋਏ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਯੂਨੀਅਨ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਪੰਜਾਬੀ ਟੈਕਸੀ ਡਰਾਈਵਰ ਦੀ ਕੁੱਟਮਾਰ ਦੇ ਰੋਸ ਵੱਜੋਂ 8 ਜੁਲਾਈ ਨੂੰ ਚੰਡੀਗੜ੍ਹ ਵਿਖੇ ਵੱਡਾ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਯੂਨੀਅਨ ਸਾਰੇ ਟੈਕਸੀ ਓਪਰੇਟਰਾਂ ਨੂੰ ਹਿਮਾਚਲ ਪ੍ਰਦੇਸ਼ ਦੀਆਂ ਸਾਰੀਆਂ ਬੁਕਿੰਗਾਂ ਰੱਦ ਕਰਨ ਦੀ ਅਪੀਲ ਕਰਦੀ ਹੈ। ਹਿਮਾਚਲ ਪ੍ਰਦੇਸ਼ ਵਿੱਚ ਹੋ ਰਹੇ ਡਰਾਈਵਰ ਭਰਾਵਾਂ ਤੇ ਹੁੰਦੇ ਅਤਿਆਚਾਰ ਖਿਲਾਫ ਵਿਸ਼ੇਸ਼ ਇਕੱਤਰਤਾ ਰੈਲੀ ਗਰਾਊਡ ਚੰਡੀਗੜ੍ਹ ਸੈਕਟਰ 25 ਵਿਖੇ ਮਿਤੀ 8-ਜੁਲਾਈ- 2024 ਨੂੰ ਸਾਰੇ ਟੈਕਸੀ ਡਰਾਈਵਰ ਪਹੁੰਚਣ ਦੀ ਅਪੀਲ ਕੀਤੀ ਹੈ। ਟੈਕਸੀ ਯੂਨੀਅਨ ਦੇ ਪ੍ਰਧਾਨ ਸ਼ਰਨਜੀਤ ਸਿੰਘ ਕਲਸੀ ਨੇ ਕਿਹਾ ਕਿ ਅਜ਼ਾਦ ਟੈਕਸੀ ਯੂਨੀਅਨ ਪੰਜਾਬ ਵਲੋਂ ਹਰਿਆਣਾ, ਦਿੱਲੀ, ਚੰਡੀਗੜ੍ਹ ਦੇ ਟੈਕਸੀ ਮਾਲਕਾਂ ਅਤੇ ਚਾਲਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਲਗਾਤਾਰ ਹਿਮਾਚਲ ਪ੍ਰਦੇਸ਼ ਵਿੱਚ ਡਰਾਈਵਰ ਭਰਾਵਾਂ ਦੀ ਲਗਾਤਾਰ ਹੋ ਰਹੀ ਕੁੱਟ ਮਾਰ ਨੂੰ ਲੈ ਕੇ ਇੱਕ ਇਕੱਠ ਮਿਤੀ 8 ਜੁਲਾਈ ਦਿਨ ਸੋਮਵਾਰ ਨੂੰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਇਕੱਠ ਰੱਖਣ ਜਾ ਰਹੀ ਹੈ, ਜੋ ਇੱਕਠ ਵਿੱਚ ਡਰਾਈਵਰ ਭਰਾਵਾਂ ਦੀ ਸਰਬ ਸੰਮਤੀ ਹੋਵੇਗੀ ਯੂਨੀਅਨ ਉਸ ਤੇ ਫੁੱਲ ਚੜਾਵੇਗੀ, ਜੋ ਕਾਫ਼ਲਾ ਹਿਮਾਚਲ ਪ੍ਰਦੇਸ਼ ਨੂੰ ਵੀ ਲੈ ਕੇ ਜਾਣਾ ਪਿਆ ਤਾਂ ਯੂਨੀਅਨ ਪਿੱਛੇ ਨਹੀਂ ਹਟੇਗੀ।