ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਹੁਣ ਮੋਦੀ ਸਰਕਾਰ ਨੇ ਕੇਂਦਰੀ ਮੰਤਰੀ ਸ਼ਾਂਤਨੂ ਠਾਕੁਰ ’ਤੇ ਗੰਭੀਰ ਦੋਸ਼ ਲਾਏ ਹਨ। ਮਹੂਆ ਮੋਇਤਰਾ ਨੇ ਅਪਣੇ ਸੋਸ਼ਲ ਮੀਡੀਆ ਐਕਸ ਪੋਸਟ ਰਾਹੀਂ ਦਾਅਵਾ ਕੀਤਾ ਹੈ ਕਿ ਕੇਂਦਰੀ ਜਹਾਜ਼ਰਾਨੀ ਤੇ ਜਲਮਾਰਗ ਰਾਜ ਮੰਤਰੀ ਸ਼ਾਂਤਨੂ ਠਾਕੁਰ ਨੇ ਆਪਣੇ ਲੈਟਰ ਹੈੱਡ ਉਤੇ ਗਊ ਦੇ ਮਾਸ (ਬੀਫ਼) ਦੀ ਤਸਕਰੀ ਕਰਨ ਵਾਲਿਆਂ ਨੂੰ ਬੰਗਲਾਦੇਸ਼ ਸਰਹੱਦ ਪਾਰ ਕਰਵਾਉਣ ਦਾ ਪੱਤਰ ਜਾਰੀ ਕਰ ਰਹੇ ਹਨ। ਮਹੂਆ ਮੋਇਤਰਾ ਨੇ ਉਸ ਪੱਤਰ ਦੀ ਕਾਪੀ ਵੀ ਅਪਣੀ ਪੋਸਟ ਨਾਲ ਜੱਗ ਜ਼ਾਹਿਰ ਕੀਤੀ ਹੈ, ਜੋ ਬਾਕਾਇਦਾ ਲੈਟਰਹੈਡ ’ਤੇ ਹੈ। ਇਸ ਪੱਤਰ ’ਤੇ ਸਾਫ਼ ਵੇਖਿਆ ਜਾ ਸਕਦਾ ਹੈ ਕਿ ਇਹ 85 ਬਟਾਲੀਅਨ ਬੀਐਸਐਫ਼ ਦੇ ਕੰਪਨੀ ਕਮਾਂਡਰ ਨੂੰ ਜਾਰੀ ਕੀਤਾ ਗਿਆ ਹੈ। ਤ੍ਰਿਣਮੂਲ ਕਾਂਗਰਸ ਦੇ ਐਮਪੀ ਮਹੂਆ ਮੋਇਤਰਾ ਨੇ ਸੋਮਵਾਰ, 8 ਜੁਲਾਈ ਸਵੇਰੇ ਐਕਸ ’ਤੇ ਲਿਖਿਆ – ‘‘ਕੇਂਦਰੀ ਮੰਤਰੀ ਨੇ ਬੀਐਸਐਫ਼ 85ਬੀਐਨ ਨੂੰ ਅਪਣੇ ਅਧਿਕਾਰਤ ਲੈਟਰਹੈਡ ’ਤੇ ਫ਼ਾਰਮ ਛਪਵਾ ਕੇ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਤਸਕਰਾਂ ਲਈ ਪਾਸ ਜਾਰੀ ਕੀਤੇ ਹਨ। ਇਸ ਮਾਮਲੇ ’ਚ ਤਿੰਨ ਕਿਲੋਗ੍ਰਾਮ ਬੀਫ਼ ਲਿਜਾਣ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਗਈ ਹੈ।’’ ਇਸ ਪੱਤਰ ਦੇ ਉਪਰ ਖੱਬੇ ਪਾਸੇ ਕੇਂਦਰੀ ਮੰਤਰੀ ਸ਼ਾਂਤਨੂ ਠਾਕੁਰ ਦਾ ਨਾਂਅ ਲਿਖਿਆ ਹੈ। ਇਸ ਵਿਚ ਬੀਐਸਐਫ਼ ਦੀ 85ਵੀਂ ਬਟਾਲੀਅਨ ਦੇ ਕੰਪਨੀ ਕਮਾਂਡਰ ਨੂੰ ਇਕ ਵਿਅਕਤੀ ਦਾ ਨਾਂਅ, ਉਸ ਦਾ ਪਤਾ ਤੇ ਆਧਾਰ ਨੰਬਰ, ਸਾਮਾਨ ਤੇ ਵਜ਼ਨ ਵੀ ਲਿਖਿਆ ਹੈ। ਇਸ ਪੱਤਰ ’ਚ ਜ਼ਿਆਰੁਲ ਗਾਜ਼ੀ ਦੇ ਨਾਂਅ ਦਾ ਪਾਸ ਬਣਵਾਇਆ ਗਿਆ ਹੈ। ਪਤਾ ਹਾਕਮਪੁਰ ਦਿਤਾ ਗਿਆ ਹੈ। ਤਿੰਨ ਕਿਲੋਗ੍ਰਾਮ ਬੀਫ਼ ਸਰਹੱਦ ਪਾਰ ਲਿਜਾਣ ਦੀ ਇਜਾਜ਼ਤ ਦੇਣ ਦੀ ਗੱਲ ਵੀ ਲਿਖੀ ਸਾਫ਼ ਦਿਸਦੀ ਹੈ।