ਪੰਜਾਬ ਦੀ ਜਲੰਧਰ ਪੱਛਮੀ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ। 13 ਗੇੜਾਂ ਦੀ ਗਿਣਤੀ ਪੂਰੀ ਹੋ ਚੁੱਕੀ ਹੈ। ‘ਆਪ’ ਉਮੀਦਵਾਰ ਮਹਿੰਦਰ ਭਗਤ 37,325 ਵੋਟਾਂ ਨਾਲ ਜੇਤੂ ਰਹੇ ਹਨ। ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਨੂੰ 16757 ਵੋਟਾਂ, ਬਸਪਾ ਉਮੀਦਵਾਰ ਬਿੰਦਰ ਕੁਮਾਰ ਨੂੰ 734, ਅਕਾਲੀ ਉਮੀਦਵਾਰ ਸੁਰਜੀਤ ਕੌਰ ਨੂੰ 1242 ਅਤੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਨੂੰ 17921 ਵੋਟਾਂ ਮਿਲੀਆਂ ਹਨ।ਲੋਕ ਸਭਾ ਚੋਣਾਂ 2024 ‘ਚ ਇਸ ਸੀਟ ‘ਤੇ ਕਾਂਗਰਸ ਪਾਰਟੀ ਪਹਿਲੇ ਸਥਾਨ ‘ਤੇ ਰਹੀ ਸੀ। ਭਾਜਪਾ ਦੂਜੇ ਸਥਾਨ ‘ਤੇ ਅਤੇ ਆਮ ਆਦਮੀ ਪਾਰਟੀ ਤੀਜੇ ਸਥਾਨ ‘ਤੇ ਰਹੀ। ਇਸ ਉਪ ਚੋਣ ਵਿੱਚ ਸਥਿਤੀ ਪੂਰੀ ਤਰ੍ਹਾਂ ਉਲਟ ਹੈ। ਇਸ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਅੱਗੇ ਰਹੀ। ਭਾਜਪਾ ਦੂਜੇ ਅਤੇ ਕਾਂਗਰਸ ਤੀਜੇ ਸਥਾਨ ‘ਤੇ ਹੈ। 10 ਜੁਲਾਈ ਨੂੰ ਹੋਈ ਵੋਟਿੰਗ ‘ਚ 54.90 ਫੀਸਦੀ ਵੋਟਿੰਗ ਹੋਈ ਸੀ। ਇਸ ਸੀਟ ਦੀ ਖਾਸੀਅਤ ਇਹ ਹੈ ਕਿ ਹਰ ਵਾਰ ਇੱਥੋਂ ਨਵੀਂ ਪਾਰਟੀ ਚੋਣ ਜਿੱਤਦੀ ਰਹੀ ਹੈ। 2012 ‘ਚ ਭਾਜਪਾ, 2017 ‘ਚ ਕਾਂਗਰਸ ਅਤੇ 2022 ‘ਚ ‘ਆਪ’ ਨੇ ਸੀਟ ਜਿੱਤੀ ਸੀ।