ਜਗਰਾਓ ਬੱਸ ਸਟੈਂਡ ਚੌਂਕ ਵਿੱਚ ਭਿਆਨਕ ਸੜਕ ਹਾਦਸਾ ਵਾਪਰਿਆ। ਇੱਥੇ ਐਕਟਿਵਾ ਸਵਾਰ ਆਪਣੇ ਕੰਮ ਤੇ ਜਾ ਰਹੇ ਹੇਂਡੀਕੈਪ ਪਤੀ ਪਤਨੀ ਨੂੰ ਇੱਕ ਟਰਾਲਾ ਡ੍ਰਾਈਵਰ ਨੇ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਪਤੀ ਪਤਨੀ ਦੋਵੇਂ ਥੱਲੇ ਡਿੱਗ ਪਏ। ਇਸ ਹਾਦਸੇ ਵਿਚ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 39 ਸਾਲਾਂ ਕੁਲਜਿੰਦਰ ਕੌਰ ਵਜੋਂ ਹੋਈ ਹੈ। ਬੱਸ ਸਟੈਂਡ ਪੁਲਿਸ ਚੌਂਕੀ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ ਤੇ ਫਰਾਰ ਚਲਾਕ ਨੂੰ ਜਲਦੀ ਕਾਬੂ ਕਰਨ ਦਾ ਦਾਅਵਾ ਵੀ ਕੀਤਾ। ਇਸ ਦਰਦਨਾਕ ਹਾਦਸੇ ਕਾਰਨ ਮ੍ਰਿਤਕਾ ਕੁਲਜਿੰਦਰ ਕੌਰ ਦੇ ਪਤੀ ਦੀ ਆਵਾਜ਼ ਵੀ ਨਹੀਂ ਨਿਕਲ ਰਹੀ ਸੀ, ਉਥੇ ਹੀ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਇਹ ਹਾਦਸਾ ਟਰਾਲਾ ਡ੍ਰਾਈਵਰ ਦੀ ਲਾਪਰਵਾਹੀ ਤੇ ਤੇਜ ਰਫ਼ਤਾਰ ਕਰਕੇ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਮਗਰੋਂ ਟਰਾਲਾ ਚਲਾਕ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਡ੍ਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਬੱਸ ਸਟੈਂਡ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਸ ਹਾਦਸੇ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚੀ। ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਗਰਾਓ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟਰਾਲਾ ਡ੍ਰਾਈਵਰ ਖ਼ਿਲਾਫ਼ ਬਣਦਾ ਮਾਮਲਾ ਦਰਜ ਕਰ ਲਿਆ ਹੈ ਤੇ ਜਲਦੀ ਹੀ ਉਸਨੂੰ ਕਾਬੂ ਕਰ ਲਿਆ ਜਾਵੇਗਾ।