ਅਮਰੀਕਾ ‘ਚ ਵੱਡੀ ਵਾਰਦਾਤ, ਪੰਜਾਬੀ ਕਾਰੋਬਾਰੀ ਨਵੀਨ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਅਮਰੀਕਾ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਸ਼ਿਕਾਗੋ ਵਿੱਚ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਮ੍ਰਿਤਕ ਦੀ ਪਛਾਣ ਨਵੀਨ ਸਿੰਘ (50) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਕੂਕਾ ਤਲਵੰਡੀ ਹਾਲ ਵਾਸੀ ਨਡਾਲਾ (ਕਪੂਰਥਲਾ) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨਵੀਨ ਦੇ ਅਮਰੀਕਾ ਵਿੱਚ ਕਈ ਸਟੋਰ ਹਨ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕਾਰੋਬਾਰੀ ਨਵੀਨ ਸਿੰਘ ਦੇਰ ਰਾਤ ਸਟੋਰ ਬੰਦ ਕਰਕੇ ਘਰ ਜਾਣ ਲੱਗਾ ਸੀ । ਇਸ ਦੌਰਾਨ ਉਸ ਨੂੰ ਅਮਰੀਕੀ ਮੂਲ ਦੇ ਵਿਅਕਤੀ ਨੇ ਗੋਲੀਆਂ ਮਾਰ ਦਿੱਤੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਨਵੀਨ ਸਿੰਘ ਆਪਣੇ ਪਰਿਵਾਰ ਨਾਲ ਪਿਛਲੇ 35 ਸਾਲ ਤੋਂ ਅਮਰੀਕਾ ਦੇ ਸ਼ਿਕਾਗੋ ਵਿੱਚ ਰਹਿ ਰਿਹਾ ਸੀ ਤੇ ਉਸ ਦੇ ਉਥੇ ਆਪਣੇ ਸਟੋਰ ਸਨ। ਉਨ੍ਹਾਂ ਕਿਹਾ ਕਿ ਬੀਤੀ ਰਾਤ ਅਮਰੀਕਾ ਦੇ 10:30 ਵਜੇ ਦੇ ਕਰੀਬ ਉਹ ਘਰ ਜਾਣ ਲਈ ਸਟੋਰ ਬੰਦ ਕਰਨ ਦੀ ਤਿਆਰੀ ਕਰ ਰਿਹਾ ਸੀ। ਇਸ ਦੌਰਾਨ ਅਮਰੀਕੀ ਮੂਲ ਦਾ ਇੱਕ ਕਾਲਾ ਵਿਅਕਤੀ ਸਾਮਾਨ ਲੈਣ ਆਇਆ। ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸਬਾਜ਼ੀ ਹੋ ਗਈ। ਜਿਸ ਤੋਂ ਬਾਅਦ ਉਸ ਨੇ ਨਵੀਨ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ। ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਸਟੋਰ ਨੂੰ ਸੀਲ ਕਰ ਦਿੱਤਾ ਹੈ।

Leave a Reply

Your email address will not be published. Required fields are marked *