ਜੇ ਤੁਸੀਂ ਕਸਟਮਰ ਕੇਅਰ ਨੰਬਰ ਸਰਚ ਕਰਨ ਲਈ ਗੂਗਲ ਦਾ ਇਸਤੇਮਾਲ ਕਰਦੇ ਹੋ ਤਾਂ ਫਿਰ ਸਾਵਧਾਨ ਹੋ ਜਾਓ। ਕਿਉਂਕਿ ਅਜਿਹਾ ਕਰਨ ਨਾਲ ਤੁਹਾਡੀ ਮਿਹਨਤ ਦੀ ਕਮਾਈ ਠੱਗਾਂ ਦੇ ਹੱਥਾਂ ਵਿੱਚ ਪਹੁੰਚ ਸਕਦੀ ਹੈ। l ਅਜਿਹਾ ਹੀ ਇੱਕ ਤਾਜ਼ਾ ਮਾਮਲਾ ਸਿਵਿਲ ਲਾਈਨ ਇਲਾਕੇ ਦੇ ਡਾਕਟਰ ਸ਼ਾਮ ਸਿੰਘ ਰੋਡ ‘ਤੇ ਦੇਖਣ ਨੂੰ ਮਿਲਿਆl ਸਿਵਲ ਲਾਈਨ ਦੇ ਵਾਸੀ ਰਾਕੇਸ਼ ਖੰਨਾ ਨੇ ਠੱਗਾ ਵੱਲੋਂ ਭੇਜੇ ਗਏ ਲਿੰਕ ਉਪਰ ਜਿਵੇਂ ਹੀ ਕਲਿੱਕ ਕੀਤਾ ਉਨ੍ਹਾਂ ਦੇ ਖਾਤੇ ‘ਚੋਂ 11 ਲੱਖ ਰੁਪਏ ਉੱਡ ਗਏ। ਇਸ ਮਾਮਲੇ ਵਿੱਚ ਸਾਈਬਰ ਕ੍ਰਾਈਮ ਦੀ ਟੀਮ ਨੇ ਰਾਕੇਸ਼ ਖੰਨਾ ਦੀ ਸ਼ਿਕਾਇਤ ‘ਤੇ ਅਣਪਛਾਤੇ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਸਾਈਬਰ ਕ੍ਰਾਈਮ ਦੀ ਟੀਮ ਨੂੰ ਸ਼ਿਕਾਇਤ ਦਿੰਦਿਆਂ ਰਾਕੇਸ਼ ਖੰਨਾ ਨੇ ਦੱਸਿਆ ਕਿ ਉਨ੍ਹਾਂ ਨੇ ਐਲਪੀਜੀ ਗੈਸ ਸਿਲੰਡਰ ਦੀ ਬੁਕਿੰਗ ਸਬੰਧੀ ਗੂਗਲ ‘ਤੇ ਕਸਟਮਰ ਕੇਅਰ ਦਾ ਨੰਬਰ ਸਰਚ ਕੀਤਾ ਸੀ l ਨੰਬਰ ਮਿਲਣ ‘ਤੇ ਜਦ ਉਨ੍ਹਾਂ ਨੇ ਫੋਨ ਕੀਤਾ ਤਾਂ ਇੱਕ ਅਣਪਛਾਤੇ ਵਿਅਕਤੀ ਨੇ ਲਿੰਕ ਦੇ ਜ਼ਰੀਏ ਸਿਲੰਡਰ ਬੁੱਕ ਕਰਵਾਉਣ ਲਈ ਆਖਿਆ l ਠੱਗ ਵੱਲੋਂ ਭੇਜੇ ਗਏ ਲਿੰਕ ਉੱਪਰ ਜਿਵੇਂ ਹੀ ਰਾਕੇਸ਼ ਖੰਨਾ ਨੇ ਕਲਿੱਕ ਕੀਤਾ ਤਾਂ ਉਨ੍ਹਾਂ ਦੇ ਖਾਤੇ ‘ਚੋਂ 11 ਲੱਖ ਰੁਪਏ ਦੀ ਰਕਮ ਟ੍ਰਾਂਸਫਰ ਹੋ ਗਈ। ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਜਸਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਾਕੇਸ਼ ਖੰਨਾ ਦੀ ਸ਼ਿਕਾਇਤ ਤੇ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਇਸ ਕੇਸ ਵਿੱਚ ਪੜਤਾਲ ਕਰ ਰਹੀ ਹੈ l