ਲੁਧਿਆਣਾ ਤੇ ਥਾਣਾ ਡਿਵੀਜ਼ਨ ਨੰਬਰ 3 ਦੇ ਅਧੀਨ ਆਉਂਦੇ ਇਲਾਕੇ ’ਚ ਇੱਕ ਕਰੀਬ 2 ਸਾਲ ਦੀ ਬੱਚੀ ਦੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ। ਬੱਚੀ ਨੂੰ ਘਰੋਂ ਲੈ ਜਾਣ ਦੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਅਤੇ ਇਸ ਵਾਰਦਾਤ ਨੂੰ ਅੰਜਾਮ ਕਿਸੇ ਹੋਰ ਵੱਲੋਂ ਨਹੀਂ ਬਲਕਿ ਬੱਚੀ ਦੀ ਹੀ ਸਕੀ ਚਾਚੀ ਵੱਲੋਂ ਦਿੱਤਾ ਗਿਆ ਹੈ। ਪੁਲਿਸ ਨੇ ਸੀਸੀਟੀਵੀ ਤਸਵੀਰਾਂ ਦੇ ਮਦਦ ਦੇ ਨਾਲ ਬੱਚੀ ਨੂੰ ਕੁਝ ਹੀ ਘੰਟਿਆਂ ਵਿੱਚ ਬਰਾਮਦ ਕਰਕੇ ਪਰਿਵਾਰਿਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਅੱਗੇ ਜਾਰੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਲੁਧਿਆਣੇ ਵਿੱਚ ਅਜਿਹੀਆਂ ਵਾਰਦਾਤਾਂ ਸਾਹਮਣੇ ਆ ਚੁੱਕੀਆਂ ਹਨ ਅਤੇ ਇੱਕ ਵਾਰਦਾਤ ਵਿੱਚ ਤਾਂ ਬੱਚੇ ਦੀ ਹੱਤਿਆ ਵੀ ਕਰ ਦਿੱਤੀ ਗਈ ਸੀ। ਪੀੜਤ ਬੱਚੀ ਦੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਦੁਪਹਿਰ ਵੇਲੇ ਕਰੀਬ ਉਹਨਾਂ ਦੀ ਬੱਚੀ ਅਚਾਨਕ ਘਰੋਂ ਗਾਇਬ ਹੋ ਗਈ। ਜਿਸ ਤੋਂ ਬਾਅਦ ਉਹਨਾਂ ਨੇ ਕਾਫੀ ਭਾਲ ਕੀਤੀ, ਜਦੋਂ ਬੱਚੀ ਨਹੀਂ ਮਿਲੀ ਤਾਂ ਉਹਨਾਂ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਪਤਾ ਲੱਗਿਆ ਕਿ ਬੱਚੀ ਨੂੰ ਉਸਦੀ ਚਾਚੀ ਹੀ ਐਕਟੀਵਾ ’ਤੇ ਲੈ ਕੇ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੇ ਉਹ ਸੀਸੀਟੀਵੀ ਪੁਲਿਸ ਨੂੰ ਦਿੱਤੀ। ਪੁਲਿਸ ਨੇ ਸੀਸੀ ਟੀਵੀ ਦੀ ਮਦਦ ਨਾਲ ਕੁਝ ਹੀ ਘੰਟਿਆਂ ਵਿੱਚ ਬੱਚੀ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਹੈ। ਪੀੜਿਤ ਬੱਚੇ ਦੇ ਪਰਿਵਾਰਿਕ ਮੈਂਬਰ ਦੋਸ਼ੀ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਉੱਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਬੱਚੀ ਗੁੰਮ ਹੋਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਵੱਲੋਂ ਹੀ ਸੀਸੀਟੀਵੀ ਫੁਟੇਜ ਮੁਹਈਆ ਕਰਾਈ ਗਈ ਹੈ। ਜਿਸ ਦੇ ਅਧਾਰ ’ਤੇ ਬੱਚੀ ਨੂੰ ਕੁਝ ਹੀ ਘੰਟਿਆਂ ‘ਚ ਬਰਾਮਦ ਕਰ ਲਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਬੱਚੀ ਨੂੰ ਉਸਦੀ ਚਾਚੀ ਹੀ ਲੈ ਕੇ ਗਈ ਸੀ ਅਤੇ ਉਨ੍ਹਾਂ ਵੱਲੋਂ ਹੁਣ ਮਾਮਲੇ ਦੇ ਅੱਗੇ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।