ਸੜਕ ਉਪਰ ਦੋ ਭਰਾਵਾਂ ’ਚ ਹੋਈ ਖ਼ੂਨੀ ਝੜਪ, ਇੱਕ ਭਰਾ ਨੇ ਦੂਜੇ ਭਰਾ ਦਾ ਕੀਤਾ ਕਤਲ

ਮਾਛੀਵਾੜਾ ਸਾਹਿਬ ਨੇੜੇ ਇਤਿਹਾਸਕ ਪਿੰਡ ਝਾੜ ਸਾਹਿਬ ਵਿਖੇ ਸਰਹਿੰਦ ਨਹਿਰ ਕਿਨਾਰੇ ਸੜਕ ’ਤੇ ਹੀ 2 ਮਸੇਰੇ ਭਰਾਵਾਂ ਵਿਚਕਾਰ ਖੂਨੀ ਝੜਪ ਹੋ ਗਈ, ਜਿਸ ਵਿਚ ਇੱਕ ਭਰਾ ਨੇ ਦੂਜੇ ਭਰਾ ਦਾ ਬੇਰਹਿਮੀ ਨਾਲ ਗਲਾ ਵੱਢ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਰਛਪਾਲ ਸਿੰਘ ਉਮਰ 40 ਸਾਲ ਵਾਸੀ ਗੁਮਾਣਪੁਰ, ਹਲਕਾ ਮਜੀਠਾ ਜੋ ਕਿ ਆਪਣਾ ਟਰੱਕ ਲੈ ਕੇ ਲੁਧਿਆਣਾ ਤੋਂ ਬੱਦੀ ਵੱਲ ਨੂੰ ਜਾ ਰਿਹਾ ਸੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਿਸ ਦੀ ਲਾਸ਼ ਸਮਰਾਲਾ ਦੇ ਸਰਕਾਰੀ ਹਸਪਤਾਲ ਵਿੱਚ ਰੱਖੀ ਗਈ ਹੈ ਅਤੇ ਦੂਸਰੇ ਭਰਾ ਚਮਕੌਰ ਸਿੰਘ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਰਾਤ ਕਰੀਬ 12.50 ਵਜੇ ਮਾਛੀਵਾੜਾ ਪੁਲਿਸ ਥਾਣਾ ਨੂੰ ਫੋਨ ਆਇਆ ਕਿ ਝਾੜ ਸਾਹਿਬ ਨੇੜੇ ਖੂਨੀ ਝੜਪ ਹੋਈ ਹੈ। ਉਨ੍ਹਾਂ ਦੱਸਿਆ ਕਿ ਰਛਪਾਲ ਸਿੰਘ ਵਾਸੀ ਗੁਮਾਣਪੁਰ, ਹਲਕਾ ਮਜੀਠਾ ਜੋ ਕਿ ਆਪਣਾ ਟਰੱਕ ਲੈ ਕੇ ਲੁਧਿਆਣਾ ਤੋਂ ਬੱਦੀ ਵੱਲ ਨੂੰ ਜਾ ਰਿਹਾ ਸੀ ਜਦਕਿ ਚਮਕੌਰ ਸਿੰਘ ਬੱਦੀ ਤੋਂ ਲੁਧਿਆਣਾ ਵੱਲ ਨੂੰ ਜਾ ਰਿਹਾ ਸੀ। ਇਹ ਦੋਵੇਂ ਝਾੜ ਸਾਹਿਬ ਵਿਖੇ ਆਪਸ ਵਿਚ ਇੱਕ ਦੂਜੇ ਨੂੰ ਮਿਲ ਪਏ ਅਤੇ ਇਨ੍ਹਾਂ ਦਾ ਪਹਿਲਾਂ ਵੀ ਆਪਸ ਵਿਚ ਪਰਿਵਾਰਕ ਕਲੇਸ਼ ਚੱਲਿਆ ਆ ਰਿਹਾ ਹੈ ਜੋ ਕਿ ਰਿਸ਼ਤੇ ਵਿਚ ਮਸੇਰੇ ਭਰਾ ਹਨ।ਇੱਥੇ ਦੋਵੇਂ ਨੇ ਇੱਕ ਦੂਜੇ ਉੱਪਰ ਕਿਰਪਾਨ ਨਾਲ ਹਮਲਾ ਕਰ ਦਿੱਤਾ ਅਤੇ ਦੋਵਾਂ ਦੀ ਸੜਕ ਵਿਚਕਾਰ ਖੂਨੀ ਝੜਪ ਹੋਈ। ਚਮਕੌਰ ਸਿੰਘ ਨੇ ਰਛਪਾਲ ਸਿੰਘ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸਦੀ ਜਾਨ ਚਲੀ ਗਈ, ਜਦਕਿ ਇਸ ਲੜਾਈ ਵਿਚ ਚਮਕੌਰ ਸਾਹਿਬ ਖੁਦ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਥਾਣਾ ਮੁਖੀ ਪਵਿੱਤਰ ਸਿੰਘ, ਚੌਂਕੀ ਇੰਚਾਰਜ਼ ਸੁਖਵਿੰਦਰ ਸਿੰਘ ਤੇ ਪੁਲਿਸ ਪਾਰਟੀ ਪੁੱਜ ਗਈ ਜਿਨ੍ਹਾਂ ਦੇਖਿਆ ਕਿ ਸੜਕ ਕਿਨਾਰੇ ਰਛਪਾਲ ਸਿੰਘ ਖੂਨ ਨਾਲ ਲੱਥਪਥ ਪਿਆ ਸੀ ਤੇ ਉਸਦੀ ਮੌਤ ਹੋ ਚੁੱਕੀ ਸੀ ਜਦਕਿ ਚਮਕੌਰ ਸਿੰਘ ਨੇੜੇ ਹੀ ਜ਼ਖ਼ਮੀ ਹਾਲਤ ਵਿਚ ਪਿਆ ਸੀ। ਪੁਲਿਸ ਵਲੋਂ ਰਛਪਾਲ ਸਿੰਘ ਦੀ ਲਾਸ਼ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਉਸਦੇ ਵਾਰਿਸਾਂ ਨੂੰ ਸੂਚਿਤ ਕਰ ਦਿੱਤਾ ਹੈ। ਜਦਕਿ ਚਮਕੌਰ ਸਿੰਘ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਹੈ। ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਵਾਰਿਸਾਂ ਦੇ ਆਉਣ ’ਤੇ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਅੱਜ ਸਵੇਰੇ ਮੌਕਾ ਦੇਖਣ ਲਈ ਐੱਸਐੱਸਪੀ ਖੰਨਾ ਅਸ਼ਵਨੀ ਗੋਟਿਆਲ ਵੀ ਪੁੱਜੇ ਅਤੇ ਉਨ੍ਹਾਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਮਾਛੀਵਾੜਾ ਪੁਲਿਸ ਅਤੇ 112 ਕਾਲ ’ਤੇ ਤੁਰੰਤ ਕਾਰਵਾਈ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਮੁਲਜ਼ਮ ਚਮਕੌਰ ਸਿੰਘ ਜੋ ਕਿ ਹਸਪਤਾਲ ਦਾਖ਼ਲ ਹੈ ਉਸ ਖਿਲਾਫ਼ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਡਾਕਟਰ ਹਤੇਸ਼ ਕੁਮਾਰ ਨੇ ਦੱਸਿਆ ਕਿ ਦੋ ਟਰੱਕ ਡਰਾਈਵਰਾਂ ਦੀ ਲੜਾਈ ਹੋ ਗਈ ਸੀ ਜਿਨਾਂ ਵਿੱਚ ਰਸਪਾਲ ਸਿੰਘ ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਦੂਸਰਾ ਚਮਕੌਰ ਸਿੰਘ ਜਿਸ ਦਾ ਇਲਾਜ ਚੱਲ ਰਿਹਾ ਹੈ।

Leave a Reply

Your email address will not be published. Required fields are marked *