ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨ ਅੰਦੋਲਨ ਅਤੇ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਬਾਰੇ ਬੋਲਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਮਰਨ ਵਰਤ ਨੂੰ 30ਵਾਂ ਦਿਨ ਸ਼ੁਰੂ ਹੋ ਗਿਆ ਹੈ ਪਰ ਕੇਂਦਰ ਸਰਕਾਰ ਦੇ ਕੰਨ ਉਤੇ ਜੂੰ ਵੀ ਨਹੀਂ ਸਰਕ ਰਹੀ। ਉਨ੍ਹਾਂ ਕਿਹਾ ਕਿ ਐਮਐਸਪੀ ਦੀ ਮੰਗ ਕੋਈ ਇਕੱਲੀ ਡੱਲੇਵਾਲ ਦੀ ਮੰਗ ਨਹੀਂ ਪਰ ਕਿ ਪੂਰੇ ਦੇਸ਼ ਦੀ ਕਿਸਾਨੀ ਦੀ ਮੰਗ ਹੈ। ਇਸ ਲਈ ਕੇਂਦਰ ਸਰਕਾਰ ਨੂੰ ਅੱਗੇ ਹੋ ਕੇ ਉਨ੍ਹਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਾਹੀਦਾ ਹੈ ਕਿ ਅੱਗੇ ਹੋ ਕੇ ਡੱਲੇਵਾਲ ਨੂੰ ਮਰਨ ਵਰਤ ਤੋੜਨ ਲਈ ਮਨਾਉਣ। ਉਨ੍ਹਾਂ ਕਿਹਾ ਕਿ ਸਰਕਾਰਾਂ ਮਾਂ ਵਰਗੀਆਂ ਹੁੰਦੀਆਂ ਹਨ ਜਿਹੜੀਆਂ ਦੇਸ਼ ਦੇ ਹਰੇਕ ਨਾਗਰਿਕ ਦੀ ਸਮੱਸਿਆ ਉਸ ਦੇ ਕੋਲ ਜਾ ਕੇ ਸੁਣਦੀਆਂ ਹਨ। ਇਸ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਡੱਲੇਵਾਲ ਨਾਲ ਮੁਲਾਕਾਤ ਕਰ ਕੇ ਉਨ੍ਵਾਂ ਦੀਆਂ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਔਖਾ ਹੈ ਤਾਂ ਹੀ ਖ਼ੁਦਕੁਸ਼ੀਆਂ ਕਰ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਦੇਸ਼ ਦੀਆਂ ਸਰਹੱਦਾਂ ਉਤੇ ਰਾਖੀ ਕਰਨ ਵਾਲੇ ਵੀ ਕਿਸਾਨਾਂ ਦੇ ਪੁੱਤਰ ਹੀ ਹਨ ਅਤੇ ਆਜ਼ਾਦੀ ਦਿਵਾਉਣ ਵਾਲੇ ਸ. ਭਗਤ ਸਿੰਘ ਵੀ ਕਿਸਾਨ ਦੇ ਹੀ ਪੁੱਤਰ ਸਨ। ਇਸ ਲਈ ਦੇਸ਼ ਨੂੰ ਜੇਕਰ ਵਿਸ਼ਵ ਗੁਰੂ ਬਣਾਉਣਾ ਹੈ ਤਾਂ ਦੇਸ਼ ਦੇ ਕਿਸਾਨ ਨੂੰ ਖ਼ੁਸ਼ਹਾਲ ਕਰਨਾ ਪਵੇਗਾ।