ਖੰਨਾ ਬੱਸ ਸਟੈਂਡ ਦੇ ਅੱਗੇ ਪੁਲ ‘ਤੇ ਮੰਗਲਵਾਰ ਰਾਤ ਨੂੰ ਸ਼ਹੀਦੀ ਸਭਾ ਮੌਕੇ ਸ਼ਰਧਾਲੂਆਂ ਨੂੰ ਲੈ ਕੇ ਸ੍ਰੀ ਫਤਿਹਗੜ੍ਹ ਸਾਹਿਬ ਜਾ ਰਹੀ ਇੱਕ ਟ੍ਰੈਕਟਰ-ਟ੍ਰਾਲੀ ਸੰਤੁਲਨ ਗੁਆ ਬੈਠੀ। ਬੇਕਾਬੂ ਹੋ ਕੇ ਟ੍ਰੈਕਟਰ-ਟ੍ਰਾਲੀ ਪਲਟ ਗਈ ਅਤੇ ਸੜਕ ਕਿਨਾਰੇ ਸਾਈਡ ‘ਤੇ ਲੱਗੀ ਲੋਹੇ ਦੀ ਗਰਿੱਲ ਨਾਲ ਟਕਰਾ ਗਈ। ਇਸ ਟ੍ਰੈਕਟਰ-ਟ੍ਰਾਲੀ ‘ਤੇ 25 ਤੋਂ 30 ਦੇ ਕਰੀਬ ਸ਼ਰਧਾਲੂ ਸਵਾਰ ਸਨ, ਜਿਨ੍ਹਾਂ ‘ਚੋਂ ਇਕ ਜ਼ਖਮੀ ਹੋ ਗਿਆ, ਜਦਕਿ ਬਾਕੀ ਬਚ ਗਏ। ਚਸ਼ਮਦੀਦਾਂ ਨੇ ਦੱਸਿਆ ਕਿ ਟ੍ਰੈਕਟਰ-ਟ੍ਰਾਲੀ ਦੋਰਾਹਾ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਜਾ ਰਹੀ ਸੀ। ਟ੍ਰੈਕਟਰ-ਟ੍ਰਾਲੀ ਰਫ਼ਤਾਰ ਤੇਜ਼ ਸੀ, ਜਿਸ ਕਾਰਨ ਡ੍ਰਾਈਵਰ ਗੱਡੀ ਤੋਂ ਕੰਟਰੋਲ ਗੁਆ ਬੈਠਾ ਅਤੇ ਪਲਟ ਗਿਆ ਤੇ ਲੋਹੇ ਦੀ ਗਰਿੱਲ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਟ੍ਰੈਕਟਰ ਟ੍ਰਾਲੀ 2 ਹਿੱਸਿਆਂ ਵਿੱਚ ਟੁੱਟ ਗਈ। ਹਾਦਸੇ ਤੋਂ ਬਾਅਦ ਜੀਟੀ ਰੋਡ ‘ਤੇ ਫਲਾਈਓਵਰ ‘ਤੇ ਜਾਮ ਲੱਗ ਗਿਆ। ਕਾਫੀ ਮੁਸ਼ੱਕਤ ਤੋਂ ਬਾਅਦ ਟ੍ਰੈਫਿਕ ਪੁਲਿਸ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ।