ਵਿਦੇਸ਼ ਤੋਂ ਪਰਤੇ ਨੌਜਵਾਨ ਨੇ ਗੱਡੀ ’ਚ ਖੁਦ ਨੂੰ ਗੋਲ਼ੀ ਮਾਰ ਕੇ ਕੀਤੀ ਆਤਮ ਹੱਤਿਆ

ਮਾਛੀਵਾੜਾ ਨੇੜਲੇ ਪਿੰਡ ਗੌਂਸਗੜ ਦੇ ਨਿਵਾਸੀ ਨੌਜਵਾਨ ਸੁਰਿੰਦਰ ਸਿੰਘ ਛਿੰਦਾ ਨੇ ਅੱਜ ਆਪਣੀ ਫ਼ਾਰਚੂਨਰ ਗੱਡੀ ’ਚ ਲਾਇਸੈਂਸੀ ਰਿਵਾਲਵਰ ਨਾਲ ਗੋਲ਼ੀ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਛਿੰਦਾ ਕਰੀਬ 1 ਸਾਲ ਪਹਿਲਾਂ ਵਿਦੇਸ਼ ਅਮਰੀਕਾ ਤੋਂ ਪਰਤਿਆ ਸੀ ਅਤੇ ਹੁਣ ਪਿੰਡ ’ਚ ਆਪਣੇ ਪਰਿਵਾਰ ਨਾਲ ਖੇਤੀਬਾੜੀ ਤੇ ਡੇਅਰੀ ਕਿੱਤਾ ਕਰਦਾ ਸੀ। ਅੱਜ ਵੀ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਦੁੱਧ ਡੇਅਰੀ ’ਚ ਪਾ ਕੇ ਆਇਆ ਅਤੇ ਉਸ ਤੋਂ ਬਾਅਦ ਆਪਣੀ ਫ਼ਾਰਚੂਨਰ ਗੱਡੀ ਲੈ ਕੇ ਚਲਾ ਗਿਆ। ਆਪਣੇ ਪਿੰਡ ਦੇ ਹੀ ਨੇੜੇ ਸੜਕ ’ਤੇ ਉਸਨੇ ਫ਼ਾਰਚੂਨਰ ਗੱਡੀ ’ਚ ਆਪਣੇ ਆਪ ਨੂੰ ਗੋਲ਼ੀ ਮਾਰ ਲਈ ਜਿਸ ਤੋਂ ਬਾਅਦ ਉਸਦੀ ਇਹ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੰਭਿਆਂ ’ਚ ਟਕਰਾ ਕੇ ਖੇਤਾਂ ’ਚ ਜਾ ਡਿੱਗੀ। ਮੌਕੇ ’ਤੇ ਖੇਤਾਂ ’ਚ ਕੰਮ ਕਰ ਰਹੇ ਇੱਕ ਚਮਸ਼ਦੀਦ ਨੇ ਦੱਸਿਆ ਕਿ ਜਦੋਂ ਫ਼ਾਰਚੂਨਰ ਗੱਡੀ ਖੰਭੇ ਨਾਲ ਟਕਰਾ ਕੇ ਖੇਤਾਂ ’ਚ ਜਾ ਡਿੱਗੀ ਤਾਂ ਉਸ ’ਚੋਂ ਧੂੰਆਂ ਨਿਕਲਣ ਲੱਗ ਪਿਆ। ਜਿਸ ’ਤੇ ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਇੱਕ ਨੌਜਵਾਨ ਲਹੂ ਲੁਹਾਨ ਡਰਾਈਵਰ ਸੀਟ ’ਤੇ ਪਿਆ ਸੀ।ਚਸ਼ਮਦੀਦ ਜਗਰੂਪ ਸਿੰਘ ਅਨੁਸਾਰ ਉਸਨੇ ਸ਼ੀਸ਼ਾ ਤੋੜ ਕੇ ਜਦੋਂ ਨੌਜਵਾਨ ਬਾਹਰ ਕੱਢਿਆ ਤਾਂ ਉਹ ਉਸਦੀ ਪਹਿਚਾਣ ਸੁਰਿੰਦਰ ਸਿੰਘ ਛਿੰਦਾ ਨਿਕਲਿਆ ਪਰ ਛਾਤੀ ’ਚ ਗੋਲ਼ੀ ਲੱਗਣ ਕਾਰਨ ਉਸਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਅਨੁਸਾਰ ਸੁਰਿੰਦਰ ਛਿੰਦਾ ਦੇ 2 ਗੋਲ਼ੀਆਂ ਲੱਗੀਆਂ ਸਨ ਜਿਸ ’ਚੋਂ 1 ਉਸਦੀ ਲੱਤ ’ਤੇ ਦੂਜੀ ਉਸਦੀ ਛਾਤੀ ਤੋਂ ਆਰਪਾਰ ਦੱਸੀ ਜਾ ਰਹੀ ਹੈ। ਸੂਚਨਾ ਮਿਲਦੇ ਹੀ ਪੁਲਿਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਅਸ਼ਵਨੀ ਗੋਟਿਆਲ, ਡੀਐੱਸਪੀ (ਡੀ) ਸੁਖਪ੍ਰੀਤ ਸਿੰਘ ਰੰਧਾਵਾ ਅਤੇ ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਕੇ ’ਤੇ ਪਹੁੰਚ ਗਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐੱਸਪੀ ਸੁਖਪ੍ਰੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ ਪਰ ਫਿਰ ਵੀ ਪੁਲਿਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ, ਫ਼ਿਲਹਾਲ ਆਤਮ ਹੱਤਿਆ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਅਤੇ ਮ੍ਰਿਤਕ ਦੇ ਮੋਬਾਇਲ ਫੋਨ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਿਸ ਵਲੋਂ ਲਾਸ਼ ਨੂੰ ਪੋਸਟ ਮਾਰਟਮ ਲਈ ਭਿਜਵਾ ਦਿੱਤਾ ਹੈ। ਨੌਜਵਾਨ ਦੀ ਮੌਤ ਨਾਲ ਪਿੰਡ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਇੱਕ ਬੱਚਾ ਛੱਡ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੁਰਿੰਦਰ ਛਿੰਦਾ ਦਾ ਲਾਇਸੈਂਸੀ ਅਸਲਾ ਗੰਨ ਹਾਊਸ ’ਚ ਜਮ੍ਹਾ ਸੀ ਜਿਸ ਨੂੰ ਉਹ ਅੱਜ ਹੀ ਲੈ ਕੇ ਆਇਆ ਸੀ। ਗੱਡੀ ’ਚ ਨਵੇਂ ਕਾਰਤੂਸ ਵੀ ਪਏ ਸਨ ਅਤੇ ਪੁਲਿਸ ਅਨੁਸਾਰ ਇਹ ਅੱਜ ਹੀ ਨਵੇਂ ਖਰੀਦੇ ਲੱਗਦੇ ਹਨ ਜਿਸ ਦੀ ਜਾਂਚ ਜਾਰੀ ਹੈ। ਮ੍ਰਿਤਕ ਆਤਮ ਹੱਤਿਆ ਕਰਨ ਦੀ ਨੀਅਤ ਨਾਲ ਹੀ ਗੰਨ ਹਾਊਸ ਤੋਂ ਆਪਣਾ ਲਾਇਸੈਂਸੀ ਰਿਵਾਲਵਰ ਤੇ ਕਾਰਤੂਸ ਲੈ ਕੇ ਆਇਆ ਸੀ ਅਤੇ ਉਸਨੇ ਘਟਨਾ ਨੂੰ ਅੰਜ਼ਾਮ ਦੇ ਦਿੱਤਾ।

Leave a Reply

Your email address will not be published. Required fields are marked *