ਬਾਲੀਵੁੱਡ ਅਭਿਨੇਤਾ ਸੈਫ਼ ਅਲੀ ਖ਼ਾਨ ‘ਤੇ ਹਮਲਾ ਕਰਨ ਵਾਲੇ ਸ਼ੱਕੀ ਦੋਸ਼ੀ ਦੀ ਭਾਲ ਅਜੇ ਵੀ ਜਾਰੀ ਹੈ। ਸ਼ਾਹਿਦ ਨਾਂ ਦੇ ਵਿਅਕਤੀ, ਜਿਸ ਨੂੰ ਪੁਲਿਸ ਨੇ ਅੱਜ ਸਵੇਰੇ ਹਿਰਾਸਤ ‘ਚ ਲਿਆ ਸੀ, ਦਾ ਅਭਿਨੇਤਾ ‘ਤੇ ਹੋਏ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮੁੰਬਈ ਪੁਲਿਸ ਨੇ ਸ਼ੁੱਕਰਵਾਰ ਦੁਪਹਿਰ ਨੂੰ ਆਪਣੇ ਬਿਆਨ ‘ਚ ਕਿਹਾ ਹੈ ਕਿ ਜਿਸ ਵਿਅਕਤੀ ਨੂੰ ਸਵੇਰੇ ਬਾਂਦਰਾ ਪੁਲਿਸ ਸਟੇਸ਼ਨ ਲਿਆਂਦਾ ਗਿਆ, ਉਸ ਤੋਂ ਕਿਸੇ ਹੋਰ ਮਾਮਲੇ ‘ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਇੱਕ ਨਵੀਂ ਸੀਸੀਟੀਵੀ ਫੁਟੇਜ ਵੀ ਆਈ ਹੈ, ਜਿਸ ਵਿੱਚ ਸ਼ੱਕੀ ਹਮਲਾਵਰ ਨੂੰ ਅਪਾਰਟਮੈਂਟ ਦੀਆਂ ਪੌੜੀਆਂ ਚੜ੍ਹਦੇ ਹੋਏ ਭਾਵ ਘਰ ਵਿੱਚ ਦਾਖ਼ਲ ਹੁੰਦੇ ਦੇਖਿਆ ਗਿਆ ਹੈ। ਉਥੇ ਹੀ ਲੀਲਾਵਤੀ ਹਸਪਤਾਲ ਨੇ ਚਾਕੂ ਦੇ ਉਸ ਟੁਕੜੇ ਦੀ ਤਸਵੀਰ ਵੀ ਜਾਰੀ ਕੀਤੀ ਹੈ ਜੋ ਸਰਜਰੀ ਤੋਂ ਬਾਅਦ ਸੈਫ਼ ਦੇ ਸਰੀਰ ਤੋਂ ਕੱਢਿਆ ਗਿਆ ਸੀ। ਸੈਫ਼ ਅਲੀ ਖ਼ਾਨ ‘ਤੇ ਬੁੱਧਵਾਰ ਦੇਰ ਰਾਤ ਉਨ੍ਹਾਂ ਦੇ ਘਰ ਦਾਖ਼ਲ ਹੋ ਕੇ ਚਾਕੂ ਨਾਲ ਹਮਲਾ ਕੀਤਾ ਗਿਆ। ਉਨ੍ਹਾਂ ਦੀ ਗਰਦਨ, ਪਿੱਠ, ਹੱਥ ਅਤੇ ਸਿਰ ਸਮੇਤ ਛੇ ਥਾਵਾਂ ‘ਤੇ ਚਾਕੂ ਮਾਰੇ ਗਏ ਸਨ। ਰਾਤ ਨੂੰ ਹੀ ਉਸ ਨੂੰ ਹਸਪਤਾਲ ਲਿਜਾਇਆ ਗਿਆ। ਲੀਲਾਵਤੀ ਹਸਪਤਾਲ ਦੇ ਸੀਓਓ ਡਾਕਟਰ ਨੀਰਜ ਉੱਤਮਾਨੀ ਨੇ ਦੱਸਿਆ ਕਿ ਸੈਫ਼ ਦੀ ਰੀੜ੍ਹ ਦੀ ਹੱਡੀ ਵਿੱਚ ਚਾਕੂ ਦਾ ਇੱਕ ਟੁਕੜਾ ਫਸ ਗਿਆ ਸੀ। ਇਸ ਨੂੰ ਸਰਜਰੀ ਰਾਹੀਂ ਕੱਢਿਆ ਗਿਆ ਹੈ। ਡਾਕਟਰ ਨੇ ਕਿਹਾ ਕਿ ਜੇਕਰ ਐਕਟਰ ਦੀ ਰੀੜ੍ਹ ਦੀ ਹੱਡੀ ਵਿਚ ਚਾਕੂ 2 ਐਮ.ਐਮ. ਹੋਰ ਫਸ ਜਾਂਦਾ ਤਾਂ ਰੀੜ੍ਹ ਦੀ ਹੱਡੀ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਸੀ।