ਫਗਵਾੜਾ, 12 ਜੁਲਾਈ (ਰਮਨਦੀਪ) – ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਯਾਤਰੀਆਂ ਦੀ ਸਹੂਲਤ ਲਈ ਏ.ਸੀ ਵੇਟਿੰਗ ਹਾਲ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਡੀ.ਆਰ.ਐਮ ਫ਼ਿਰੋਜ਼ਪੁਰ ਵੀ ਮੌਜੂਦ ਸਨ।ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੋਮ ਪ੍ਰਕਾਸ਼ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ 2 ਵੱਖ ਵੱਖ ਵਿਧਾਨ ਸਭਾ ਹਲਕਿਆਂ ਦੇ ਵਿਕਾਸ ਲਈ ਗ੍ਰਾਂਟਾ ਜਾਰੀ ਕੀਤੀਆਂ ਜਾ ਰਹੀਆਂ ਹਨ।ਫਗਵਾੜਾ ਸ਼ਹਿਰ ਨੂੰ ਕੇਂਦਰ ਨੇ ਪਹਿਲਾਂ ਹੀ ਫਗਵਾੜਾ-ਹੁਸ਼ਿਆਰਪੁਰ ਰੋਡ ਫੋਰਲੇਨ ਤੇ ਚਚਰਾੜੀ ਤੋਂ ਬਹੂਆ ਬਾਈਪਾਸ ਦੋਵੇ ਰੋਡ ਪਾਸ ਕਰਕੇ ਜਨਤਾ ਨੂੰ ਤੋਹਫਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਤਕਰੀਬਨ 8 ਕਰੋੜ ਦੀ ਲਾਗਤ ਨਾਲ ਰੇਲਵੇ ਸਟੇਸ਼ਨ ਫਗਵਾੜਾ ਦੇ ਨਵੀਨੀਕਰਨ ਦਾ ਕੰਮ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ।ਕਿਸਾਨ ਅੰਦੋਲਨ ‘ਤੇ ਬੋਲਦਿਆ ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ 11 ਵਾਰ ਗੱਲਬਾਤ ਹੋ ਚੁੱਕੀ ਹੈ ਤੇ ਕਿਸਾਨ ਜਦੋ ਵੀ ਗੱਲਬਾਤ ਚਾਹੁੰਣਗੇ ਕੇਂਦਰ ਸਰਕਾਰ ਗੱਲਬਾਤ ਕਰਨ ਨੂੰ ਤਿਆਰ ਹੈ।ਰਾਜਪੁਰਾ ਵਿਖੇ ਬੀਤੇ ਦਿਨ ਭਾਜਪਾ ਆਗੂਆਂ ਨੂੰ ਬੰਧਕ ਬਣਾਏ ਜਾਣ ‘ਤੇ ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਦਾਅਵਾ ਕਰਦੀ ਹੈ ਕਿ ਉਹ ਸ਼ਾਂਤ ਹੈ ਪਰੰਤੂ ਇਸ ਦਾ ਫੈਸਲਾ ਲੋਕ ਕਰਨਗੇ। ਭਾਜਪਾ ਆਗੂਆਂ ਨੂੰ ਬੰਧਕ ਬਣਾਉਣਾ ਮੰਦਭਾਗਾ ਹੈ ਤੇ ਇਹ ਲੋਕਤੰਤਰ ਦਾ ਘਾਣ ਹੈ।