ਫਗਵਾੜਾ, 29 ਜੁਲਾਈ – ਖਾਣ ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ ਨੂੰ ਰੋਕਣ ਦੀ ਮੁਹਿੰਮ ਤਹਿਤ ਸਹਾਇਕ ਫੂਡ ਕਮਿਸ਼ਨਰ ਸ਼੍ਰੀ ਹਰਜੋਤਪਾਲ ਸਿੰਘ ਦੀ ਅਗਵਾਈ ਹੇਠ ਟੀਮ ਵਲੋਂ ਅੱਜ ਫਗਵਾੜਾ ਵਿਖੇ ਵਿਸ਼ੇਸ਼ ਨਾਕਾਬੰਦੀ ਮੌਕੇ ਪਨੀਰ ਦੇ ਨਮੂਨੇ ਭਰੇ ਗਏ ਹਨ। ਪੁਲਿਸ ਵਲੋਂ ਦਿੱਤੀ ਗਈ ਸੂਚਨਾ ਦੇ ਆਧਾਰ ’ਤੇ ਫੂਡ ਵਿਭਾਗ ਦੀ ਟੀਮ ਵਲੋਂ ਭੁੱਲਾਰਾਈ ਚੌਂਕ , ਹੁਸ਼ਿਆਰਪੁਰ ਰੋਡ , ਫਗਵਾੜਾ ਵਿਖੇ ਨਾਕੇ ’ਤੇ ਇਕ ਮਹਿੰਦਰਾ ਪਿਕ ਅਪ ਪੀ.ਬੀ. 08- ਬੀ.ਪੀ. 8194 ਨੂੰ ਰੋਕ ਕੇ ਉਸ ਵਿਚ ਲਿਆਂਦੇ ਜਾ ਰਹੇ 110 ਕਿਲੋ ਪਨੀਰ ਦੇ ਨਮੂਨੇ ਲਏ ਗਏ। ਉਨਾਂ ਦੱਸਿਆ ਕਿ ਪਨੀਰ ਪਿੰਡ ਕਾਦੀਆਂ, ਜਿਲ੍ਹਾ ਗੁਰਦਾਸਪੁਰ ਦੀ ਧਾਲੀਵਾਲ ਡੇਅਰੀ ਤੋਂ ਇੱਥੇ ਨੇੜਲੇ ਇਲਾਕਿਆਂ ਵਿਚ ਵੇਚਣ ਲਈ ਲਿਆਂਦਾ ਜਾ ਰਿਹਾ ਸੀ, ਜਿਸਨੂੰ ਸੇਲਜਮੈਨ ਲਖਵਿੰਦਰ ਸਿੰਘ ਉਰਫ ਸੋਨੀ ਪੁੱਤਰ ਕੁਲਵੰਤ ਸਿੰਘ ਪਿੰਡ ਬਸਰਣ , ਕਾਦੀਆਂ , ਜਿਲ੍ਹਾ ਗੁਰਦਾਸਪੁਰ ਲਿਆ ਰਿਹਾ ਸੀ। ਵਾਹਨ ਦੀ ਜਾਂਚ ਦੌਰਾਨ 5-5 ਕਿਲੋ ਦੀਆਂ ਟਿੱਕੀਆਂ ਬਣਾਕੇ ਪਨੀਰ ਨੂੰ ਕੱਪੜੇ ਵਿਚ ਲਪੇਟਿਆ ਹੋਇਆ ਸੀ ਅਤੇ ਮੌਕੇ ’ਤੇ 22 ਟਿੱਕੀਆਂ ਮਿਲੀਆਂ, ਜਿਨ੍ਹਾਂ ਦੇ ਘਟੀਆ ਕੁਆਲਟੀ ਦੀਆਂ ਹੋਣ ਦਾ ਅੰਦੇਸ਼ਾ ਹੈ। ਉਨ੍ਹਾਂ ਦੱਸਿਆ ਕਿ ਦੁੱਧ ਤੋਂ ਬਣਨ ਵਾਲੇ ਪਦਾਰਥ ਕੇਵਲ ਦੁਕਾਨਦਾਰ ਵਲੋਂ ਆਪਣੇ ਦੁਕਾਨ ਵਿਖੇ ਹੀ ਬਣਾਉਣ ਸਬੰਧੀ ਦਿਸ਼ਾ ਨਿਰਦੇਸ਼ ਹਨ ਤਾਂ ਜੋ ਉਸਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ। ਪਨੀਰ ਦੇ ਨਮੂਨਿਆਂ ਨੂੰ ਸਟੇਟ , ਫੂਡ ਲੈਬਾਰਟਰੀ, ਖਰੜ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ’ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਸਹਾਇਕ ਫੂਡ ਕਮਿਸ਼ਨਰ ਨੇ ਕਿਹਾ ਕਿ ਖਾਣ ਵਾਲੀਆਂ ਵਸਤਾਂ ਵਿਚ ਮਿਲਾਵਟ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰ ਸਕਣ। ਇਸ ਮੌਕੇ ਮੁਕਲ ਗਿੱਲ ਫੂਡ ਸੇਫਟੀ ਅਫਸਰ, ਸੁਰਜੀਤ ਸਿੰਘ ਇੰਸਪੈਕਟਰ ਐਸ.ਐਚ.ਓ. ਫਗਵਾੜਾ ਸਿਟੀ, ਸੁਖਮਿੰਦਰ ਸਿੰਘ ਸਬ ਇੰਸਪੈਕਟਰ ਤੇ ਹੋਰ ਹਾਜ਼ਰ ਸਨ।