ਫਗਵਾੜਾ, 11 ਅਗਸਤ (ਐੱਚ.ਐੱਸ.ਰਾਣਾ) – ਪੰਜਾਬ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਮਹਿਜ ਕੁੱਝ ਕੁ ਮਹੀਨੇ ਹੀ ਬਚੇ ਹਨ ਪਰ ਇਨਾਂ ਚੋਣਾਂ ਤੋਂ ਪਹਿਲਾ ਹੀ ਫਗਵਾੜਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਵਿੱਚ ਦਰਾਰ ਪੈਣੀ ਸ਼ੁਰੂ ਹੋ ਚੁੱਕੀ ਹੈ ਜਿਸ ਦਾ ਪਾਰਟੀ ਨੂੰ ਚੋਣਾਂ ਵਿੱਚ ਭਾਰੀ ਨੁਕਸਾਨ ਝੇਲਣਾ ਪੈ ਸਕਦਾ ਹੈ। ਦਰਅਸਲ ਪਾਰਟੀ ਹਾਈਕਮਾਂਡ ਵੱਲੋਂ ਬਣਾਈ ਗਈ 4 ਮੈਂਬਰੀ ਕਮੇਟੀ ਵਿੱਚ ਜਰਨੈਲ ਸਿੰਘ ਵਾਹਦ, ਸਰਵਨ ਸਿੰਘ ਕੁਲਾਰ, ਰਣਜੀਤ ਸਿੰਘ ਖੁਰਾਣਾ ਅਤੇ ਫਿਲੌਰ ਵਿਧਾਇਕ ਬਲਦੇਵ ਖਹਿਰਾ ਸ਼ਾਮਿਲ ਕੀਤੇ ਗਏ ਸਨ। ਪਰ ਉਕਤ ਕਮੇਟੀ ਦੇ ਗਠਨ ਤੋਂ ਬਾਅਦ ਫਗਵਾੜਾ ਵਿੱਚ ਉਸ ਸਮੇਂ ਇੱਕ ਵੱਡਾ ਸਿਆਸੀ ਵਿਸਫੋਟ ਹੋਇਆ ਜਦੋਂ ਫਗਵਾੜਾ ਤੋਂ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਆਪਣੇ ਆਪਣੇ ਅਸਤੀਫੇ ਪਾਰਟੀ ਹਾਈਕਮਾਂਡ ਨੂੰ ਭੇਜ ਦਿੱਤੇ। ਜਿਸ ਤੋਂ ਬਾਅਦ ਆਕਲੀ ਦਲ ਦੇ ਸੀਨੀਅਰ ਮੈਂਬਰਾਂ ਦੀ ਇੱਕ ਹੰਗਾਮੀ ਮੀਟਿੰਗ ਪਾਰਟੀ ਵੱਲੋਂ ਲਗਾਏ ਗਏ ਅਬਜਰਬਰ ਵਿਧਾਇਕ ਬਲਦੇਵ ਖਹਿਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜਿੱਥੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਧਾਇਕ ਬਲਦੇਵ ਖਹਿਰਾ ਨੇ ਅਹੁਦੇਦਾਰਾਂ ਨਾਲ ਵਿਚਾਰ ਚਰਚਾ ਕੀਤੀ ਉਥੇ ਹੀ ਬਲਦੇਵ ਸਿੰਘ ਖਹਿਰਾ ਫਗਵਾੜਾ ਵਿੱਚ ਅਕਾਲੀ ਦਲ ਵਿੱਚ ਪਈ ਫੁੱਟ ਤੇ ਪਰਦਾ ਪਾਉਦੇ ਹੋਏ ਨਜ਼ਰ ਆਏ। ਉਨਾਂ ਕਿਹਾ ਕਿ ਪਾਰਟੀ ਇੱਕਜੁੱਟ ਹੈ ਤੇ ਆਉਣ ਵਾਲੀਆ ਚੋਣਾਂ ਵਿੱਚ ਇੱਕ ਜੁੱਟ ਹੋ ਕੇ ਪੰਜਾਬ ਵਿੱਚੋਂ ਕਾਂਗਰਸ ਪਾਰਟੀ ਦਾ ਸਫਾਇਆ ਕਰੇਗੀ।ਪਾਰਟੀ ਹਾਈਕਮਾਂਡ ਵੱਲੋਂ ਗਠਿਤ ਕੀਤੀ ਇਸ ਕਮੇਟੀ ਨੂੰ ਲੈ ਕੇ ਪਾਰਟੀ ਨੇਤਾਵਾਂ ਵਿੱਚ ਇਸ ਕਦਰ ਗੁੱਸਾ ਸੀ ਕਿ ਉਨਾਂ ਨੇ ਚੱਲ ਰਹੀ ਮੀਟਿੰਗ ਵਿੱਚ ਹੀ ਆਪਣਾ ਗੁੱਸਾ ਜਾਹਰ ਕਰ ਦਿੱਤਾ। ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਰਜਿੰਦਰ ਸਿੰਘ ਚੰਦੀ ਨੇ ਕਿਹਾ ਕਿ ਗਠਿਤ ਕੀਤੀ ਇਸ ਕਮੇਟੀ ਦੇ ਵਿਰੋਧ ‘ਚ ਹੀ ਉਨਾਂ ਨੇ ਪਾਰਟੀ ਹਾਈਕਮਾਡ ਨੂੰ ਆਪਣੇ ਅਸਤੀਫੇ ਭੇਜ ਦਿੱਤੇ ਹਨ। ਉਨਾਂ ਕਿਹਾ ਕਿ ਉਹ ਹਲਕਾ ਇੰਚਾਰਜ ਅਧੀਨ ਹੀ ਕੰਮ ਕਰਨਾ ਚਹੁੰਦੇ ਹਨ ਤੇ ਪਰ ਪਾਰਟੀ ਨੇ ਇਸ ਕਮੇਟੀ ਵਿੱਚ ਕੁੱਝ ਨੇਤਾਵਾਂ ਨੂੰ ਜਿੰਮੇਵਾਰੀ ਦੇ ਕੇ ਪਾਰਟੀ ਦਾ ਹੀ ਨੁਕਸਾਨ ਕੀਤਾ ਹੈ ਤੇ ਉਹ ਉਨਾਂ ਹੇਠਾਂ ਕੰਮ ਨਹੀ ਕਰਨਗੇ। ਚੰਦੀ ਨੇ ਕਿਹਾ ਕਿ ਉਨਾਂ ਨੂੰ ਇਹ ਚਾਰ ਮੈਂਬਰੀ ਕਮੇਟੀ ਪ੍ਰਵਾਨ ਨਹੀ ਹੈ ਤੇ ਜੇਕਰ ਪਾਰਟੀ ਹਾਈਕਾਂਮਡ ਨੇ ਇਹ ਕਮੇਟੀ ਰੱਦ ਨਾ ਕੀਤੀ ਤਾਂ ਉਹ ਆਪਣੇ ਅਹੁਦਿਆ ‘ਤੇ ਕੰਮ ਨਹੀ ਕਰਨਗੇ ਤੇ ਪਾਰਟੀ ਵਿੱਚ ਰਹਿੰਦੇ ਹੋਏ ਵੀ ਆਪਣੇ ਘਰੀ ਬੈਠ ਜਾਣਗੇ। ਉਨਾਂ ਸਿੱਧੇ ਤੋਰ ‘ਤੇ ਸੀਨੀਅਰ ਅਕਾਲੀ ਨੇਤਾਵਾਂ ਉੱਪਰ ਸਿਆਸੀ ਹਮਲਾ ਕਰਦਿਆ ਕਿਹਾ ਕਿ ਉਕਤ ਨੇਤਾ ਹੀ ਇਸ ਲਈ ਜਿੰਮੇਵਾਰ ਹਨ।ਉਧਰ ਸੀਨੀਅਰ ਅਕਾਲੀ ਨੇਤਾ ਸਤਨਾਮ ਸਿੰਘ ਅਰਸ਼ੀ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਵਫਦਾਰ ਵਰਕਰ ਹਨ ਤੇ ਹਮੇਸ਼ਾ ਰਹਿਣਗੇ ਪਰ ਉਨਾਂ ਨੂੰ ਇਹ ਚਾਰ ਮੈਂਬਰੀ ਕਮੇਟੀ ਮਨਜੂਰ ਨਹੀ ਹੈ ਤੇ ਇਸੇ ਹੀ ਵਿਰੋਧ ਦੇ ਚੱਲਦਿਆ ਉਨਾਂ ਨੇ ਆਪਣੇ ਅਸਤੀਫੇ ਦਿੱਤੇ ਹਨ। ਉਨਾਂ ਸਾਫ ਲਫਜ਼ਾ ਵਿੱਚ ਕਿਹਾ ਕਿ ਉਹ ਇਸ ਕਮੇਟੀ ਅਧੀਨ ਰਹਿ ਕੇ ਕੰਮ ਨਹੀ ਕਰਨਗੇ ਤੇ ਉਹ ਪਾਰਟੀ ਹਾਈਕਮਾਂਡ ਵੱਲੋਂ ਲਗਾਏ ਹਲਕਾ ਇੰਚਾਰਜ ਸਰਵਨ ਸਿੰਘ ਕੁਲਾਰ ਨਾਲ ਮਿਲ ਕੇ ਹੀ ਕੰਮ ਕਰਨਗੇ।ਇਸ ਮੌਕੇ ਅਕਾਲੀ ਆਗੂ ਸਰਵਨ ਸਿੰਘ ਕੁਲਾਰ ਨੇ ਕਿਹਾ ਕਿ ਇਸ ਕਮੇਟੀ ਨੂੰ ਲੈ ਕੇ ਪਾਰਟੀ ਵਰਕਰਾਂ ਅਤੇ ਨੇਤਾਵਾ ਵਿੱਚ ਰੋਸ ਸੀ ਜਿਸ ਦਾ ਹੱਲ ਛੇਤੀ ਹੀ ਕੱਢ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਅਕਾਲੀ ਦਲ ਮਜਬੂਤ ਸੀ ਤੇ ਮਜਬੂਤ ਰਹੇਗਾ। 2022 ਦੀਆਂ ਚੋਣਾਂ ਵਿੱਚ ਫਗਵਾੜਾ ਤੋਂ ਅਕਾਲੀ ਬਸਪਾ ਗਠਜੋੜ ਦੇ ਉਮੀਦਵਾਰ ਨੂੰ ਵੱਡੇ ਮਾਰਜਨ ਨਾਲ ਜਿਤਾਵਾਂਗੇ।