ਹੁਸ਼ਿਆਰਪੁਰ, 11 ਅਗਸਤ – ਬੀਤੇ ਕੁੱਝ ਦਿਨਾਂ ਤੋਂ ਹੁਸ਼ਿਆਰਪੁਰ ‘ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ।ਚੋਰੀ ਦੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇ ਕੇ ਚੋਰ ਹੁਸ਼ਿਆਰਪੁਰ-ਦਸੂਹਾ ਰੋਡ ‘ਤੇ ਮਾਊਂਟ ਕਾਰਮਲ ਸਕੂਲ ਲਾਗੇ ਹੁਸ਼ਿਆਰਪੁਰ ਇਨਕਲੇਵ ਵਿਖੇ ਇੱਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਲੱਖਾਂ ਰੁਪਏ ਦੇ ਗਹਿਣਿਆ ਤੇ ਨਗਦੀ ‘ਤੇ ਹੱਥ ਸਾਫ ਕਰਕੇ ਰਫੂ ਚੱਕਰ ਹੋ ਗਏ।ਘਰ ਦੀ ਮਾਲਕਣ ਰਜਿੰਦਰ ਕੌਰ ਨੇ ਦੱਸਿਆ ਕਿ ਉਹ ਆਪਣੀ ਬੇਟੀ ਨਾਲ ਕੋਵਿਡ ਵੈਕਸੀਨ ਲਗਵਾਉਣ ਲਈ ਘਰੋਂ ਬਾਹਰ ਗਈ ਹੋਈ ਸੀ ਤੇ ਅੱਧੇ ਘੰਟੇ ਬਾਅਦ ਜਦੋਂ ਵਾਪਿਸ ਆਈ ਤਾਂ ਦੇਖਿਆ ਕਿ ਘਰ ਦੇ ਦਰਵਾਜ਼ੇ ਖੁੱਲ੍ਹੇ ਪਏ ਸਨ ਤੇ ਅੰਦਰ ਅਲਮਾਰੀਆਂ ਦਾ ਸਮਾਨ ਖਿਲਰਿਆ ਪਿਆ ਸੀ।ਹਰਜਿੰਦਰ ਕੌਰ ਅਨੁਸਾਰ 31 ਅਕਤੂਬਰ ਨੂੰ ਉਸ ਦੀ ਲੜਕੀ ਰੁਮੀਨਾ ਦਾ ਵਿਆਹ ਰੱਖਿਆ ਹੋਇਆ ਹੈ ਜਿਸ ਦੇ ਚੱਲਦਿਆ ਕੈਸ਼ ਅਤੇ ਸੋਨੇ ਦੇ ਗਹਿਣਿਆਂ ਨਾਲ ਉਸ ਦੀ ਬੇਟੀ ਦੀ ਮੰਗਣੀ ਵਾਲੀ ਹੀਰੇ ਦੀ ਅੰਗੂਠੀ ਵੀ ਘਰ ਪਈ ਸੀ ਤੇ ਚੋਰ ਸਾਰੇ ਗਹਿਣੇ ਤੇ ਨਗਦੀ ਲੈ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਚੋਰੀ ਕਾਰਨ ਉਨ੍ਹਾਂ ਦਾ 10 ਤੋਂ 15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।ਚੋਰੀ ਦੀ ਇਸ ਵਾਰਦਾਤ ਤੋਂ ਬਾਅਦ ਮਾਂ-ਧੀ ਦਾ ਰੋ ਰੋ ਕੇ ਬੁਰਾ ਹਾਲ ਸੀ।ਓਧਰ ਹੁਸ਼ਿਆਰਪੁਰ ਪੁਲਿਸ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਕਿੰਨੀ ਕੁ ਗੰਭੀਰ ਹੈ ਇਸ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਵਾਰ ਵਾਰ ਫੋਨ ਕਰਨ ‘ਤੇ ਵੀ ਇੱਕ ਘੰਟਾ ਬੀਤ ਜਾਣ ਦੇ ਬਾਵਜੂਦ ਪੁਲਿਸ ਨਹੀਂ ਪਹੁੰਚੀ ਜਿਸ ਦਾ ਲੋਕਾਂ ਵਿਚ ਕਾਫੀ ਰੋਸ ਪਾਇਆ ਗਿਆ।