ਪਟਿਆਲਾ, 14 ਅਗਸਤ – ਡਿਊਟੀ ਦੌਰਾਨ ਪੁਲਿਸ ਉੱਪਰ ਹਮਲਾ ਕਰਨ ਜਾਂ ਉਨ੍ਹਾਂ ਉੱਪਰ ਗੱਡੀ ਚੜਾਉਣ ਦੀਆਂ ਘਟਨਾਵਾਂ ਅਕਸਰ ਅਖਬਾਰਾਂ, ਟੀ.ਵੀ ਚੈਨਲਾਂ ਦੀਆਂ ਸੁਰਖੀਆਂ ਬਣੀਆਂ ਰਹਿੰਦੀਆਂ ਹਨ।ਭਾਵੇਂ ਕਿ ਪੁਲਿਸ ਵੱਲੋਂ ਇਸ ਨੂੰ ਲੈ ਕੇ ਕਾਫੀ ਸਖਤੀ ਵਰਤੀ ਜਾ ਰਹੀ ਹੈ ਪਰੰਤੂ ਇਸ ਦੇ ਬਾਵਜੂਦ ਇਹੋ ਜਿਹੀਆਂ ਘਟਨਾਵਾਂ ਰੁਕਣਾ ਦਾ ਨਾਂਅ ਨਹੀਂ ਲੈ ਰਹੀਆਂ ਹਨ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪਟਿਆਲਾ ਵਿਖੇ ਜਿੱਥੇ ਕਿ ਇੱਕ ਏ.ਐੱਸ.ਆਈ ਵੱਲੋਂ ਕਾਰ ਚਾਲਕ ਨੂੰ ਰੋਕੇ ਜਾਣ ‘ਤੇ ਕਾਰ ਚਾਲਕ ਨੇ ਏ.ਐੱਸ.ਆਈ ਨੂੰ ਦਰੜ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਿਆ।ਦਰਅਸਲ 15 ਅਗਸਤ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਏ ਗਏ ਅਭਿਆਨ ਦੌਰਾਨ ਮਾਡਲ ਟਾਊਨ ਪੁਲਿਸ ਚੌਂਕੀ ਦੇ ਇੰਚਾਰਜ ਏ.ਐੱਸ.ਆਈ ਸੂਬਾ ਸਿੰਘ ਨੇ ਪਟਿਆਲਾ ਦੇ ਲਾਲ ਭਵਨ ਕੋਲ ਇੱਕ ਸਵਿਫਟ ਕਾਰ ਨੂੰ ਰੋਕਿਆ ਤਾਂ ਕਾਰ ਚਾਲਕ ਨੇ ਏ.ਐੱਸ.ਆਈ ਸੂਬਾ ਸਿੰਘ ਉੱਪਰ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਜੋ ਕਿ ਕਾਫੀ ਦੂਰ ਤੱਕ ਏ.ਐੱਸ.ਆਈ ਨੂੰ ਘਸੀਟਦਾ ਲੈ ਗਿਆ ਤੇ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਵਿਚ ਏ.ਐੱਸ.ਆਈ ਸੂਬਾ ਸਿੰਘ ਜਖਮੀਂ ਹੋ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ । ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਰ ਨੂੰ ਟਰੇਸ ਕਰ ਲਿਆ ਗਿਆ ਹੈ ਤੇ ਜਲਦ ਹੀ ਕਾਰ ਚਾਲਕ ਗ੍ਰਿਫਤਾਰ ਕਰ ਲਿਆ ਜਾਵੇਗਾ।