ਭਤੀਜਾ ਹੀ ਨਿਕਲਿਆ ਚਾਚੇ ਦਾ ਕਾਤਲ।

ਰਾਏਕੋਟ, 02 ਸਤੰਬਰ( ਨਾਮਪ੍ਰੀਤ ਸਿੰਘ ਗੋਗੀ )- ਰਾਏਕੋਟ ਸ਼ਹਿਰ ਦੇ ਮੁਹੱਲਾ ਪ੍ਰੇਮ ਨਗਰ ‘ਚ ਸਥਿਤ ਇੱਕ ਨਰਸਰੀ ਵਿੱਚ 70 ਸਾਲਾ ਬਜੁਰਗ ਤੁਲਾ ਰਾਮ ਦੇ ਕਤਲ ਦਾ ਮਾਮਲਾ ਰਾਏਕੋਟ ਪੁਲਿਸ ਵਲੋਂ ਹੱਲ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।ਪੁਲਿਸ ਥਾਣਾ ਰਾਏਕੋਟ ਸਿਟੀ ਵਿੱਚ ਬੁਲਾਈ ਪੈ੍ਰਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਡੀ ਐਸ ਪੀ ਰਾਏਕੋਟ ਗੁਰਬਚਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਤੁਲਾ ਰਾਮ ਜੋ ਗੁੱਗਾ ਮਾੜੀ ਰੋਡ ਤੇ ਨਰਸਰੀ ਵਿੱਚ ਰਹਿੰਦਾ ਸੀ ਦਾ ਮੰਗਲਵਾਰ ਦੀ ਰਾਤ ਨੂੰ ਕਿਸੇ ਅਣਪਛਾਤੇ ਵਿਅਕਤੀ ਵਲੋਂ ਕਤਲ ਕਰ ਦਿੱਤਾ ਗਿਆ ਸੀ।ਜਿਸ ਤੋਂ ਬਾਅਦ ਮ੍ਰਿਤਕ ਤੁਲਾ ਰਾਮ ਦੇ ਪੁੱਤਰ ਰਾਜੂ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਰਾਏਕੋਟ ਸਿਟੀ ਵਿੱਚ ਮੁਕੱਦਮਾ ਨੰ. 58 ਧਾਰਾ 302 ਤਹਿਤ ਦਰਜ ਕੀਤਾ ਸੀ।ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਸੁਰੂ ਕੀਤੀ ਗਈ ਤਾਂ ਉਨ੍ਹਾਂ ਨੂੰ ਇਸ ਕਤਲ ਸਬੰਧੀ ਕਈ ਅਹਿਮ ਸੁਰਾਗ ਮਿਲੇ ਸਨ।ਜਿਨ੍ਹਾਂ ਦੇ ਆਧਾਰ ਤੇ ਉਕਤ ਮਾਮਲੇ ਵਿੱਚ ਕਥਿਤ ਦੋਸ਼ੀ ਸ਼ੇਰ ਸਿੰਘ ਪੁੱਤਰ ਸਾਗਰ ਸਿੰਘ ਵਾਸੀ ਅਸੂਹਾ ਥਾਣਾ ਸ਼ਿਕੋਹਾਬਾਦ ਜਿਲ੍ਹਾ ਫਿਰੋਜਾਬਾਦ ਯੂ.ਪੀ ਹਾਲ ਕਿਰਾਏਦਾਰ ਸੋਨੂੰ ਦਾ ਘਰ ਨੇੜੇ ਗੁੱਗਾ ਮਾੜੀ ਰਾਏਕੋਟ ਨੂੰ ਨਾਮਜਦ ਕੀਤਾ ।ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਮ੍ਰਿਤਕ ਤੁਲਾ ਰਾਮ ਦਾ ਸਕਾ ਭਤੀਜਾ ਹੈ ਅਤੇ ਮ੍ਰਿਤਕ ਉਸ ਦੇ ਭਰਾ ਪ੍ਰਵੀਨ ਕੁਮਾਰ ਦੀ ਨਰਸਰੀ ਵਿੱਚ ਰਹਿੰਦਾ ਸੀ ਨਰਸਰੀ ਦੇ ਕੰਮ-ਕਾਰ ਦੇ ਕਾਰਨ ਦੋਵਾਂ ਭਰਾਵਾਂ ਪ੍ਰਵੀਨ ਕੁਮਾਰ ਅਤੇ ਸ਼ੇਰ ਸਿੰਘ ਦੀ ਆਪਸ ਵਿੱਚ ਅਣਬਣ ਹੋਈ ਸੀ। ਸ਼ੇਰ ਸਿੰਘ ਨਹੀਂ ਚਾਹੁੰਦਾ ਸੀ ਕਿ ਉਸ ਦਾ ਚਾਚਾ ਤੁਲਾ ਰਾਮ ਉਸ ਦੇ ਭਰਾ ਦੇ ਕਾਰੋਬਾਰ ਵਿੱਚ ਹੱਥ ਵਟਾਵੇ। ਇਸੇ ਕਾਰਨ ਕਰੀਬ 2 ਹਫਤੇ ਪਹਿਲਾਂ ਵੀ ਉਨ੍ਹਾਂ ਦੀ ਆਪਸ ਵਿੱਚ ਤਕਰਾਰ ਹੋਈ ਸੀ।ਮਿਤੀ 31 ਅਗਸਤ ਦੀ ਰਾਤ ਨੂੰ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਦੋਸ਼ੀ ਸ਼ੇਰ ਸਿੰਘ ਨੇ ਆਪਣੇ ਤਾਏ ਤੁਲਾ ਰਾਮ ਦੇ ਸਿਰ ਵਿੱਚ ਇੱਟ ਮਾਰ ਕੇ ਅਤੇ ਗਮਲੇ ਮਾਰ ਕੇ ਉਸ ਦਾ ਕਤਲ ਕਰ ਦਿੱਤਾ ।ਡੀ ਐਸ ਪੀ ਗੁਰਬਚਨ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਇੰਚਾਰਜ ਅਜੈਬ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵਲੋਂ ਕੀਤੀ ਗਈ ਲਗਾਤਾਰ ਮਿਹਨਤ ਸਦਕਾ ਪੁਲਿਸ ਵਲੋਂ ਇਹ ਕਤਲ ਦਾ ਮਾਮਲਾ ਹੱਲ ਕਰਦੇ ਹੋਏ ਦੋਸ਼ੀ ਸ਼ੇਰ ਸਿੰਘ ਨੂੰ ਗੁੱਗਾ ਮਾੜੀ ਤੋਂ ਗੋਂਦਵਾਲ ਜਾਣ ਵਾਲੇ ਰਸਤੇ ਤੇ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾ ਰਿਹਾ ਹੈ।

Leave a Reply

Your email address will not be published. Required fields are marked *