ਸਤੰਬਰ ਮਹੀਨਾ ਬਾਬਾ ਜੀਵਨ ਸਿੰਘ ਜੀ ਦੇ ਸੰਘਰਸ਼ ਨੂੰ ਸਮਰਪਿਤ ਕਰੇਗੀ ਬਸਪਾ – ਜਸਵੀਰ ਸਿੰਘ ਗੜ੍ਹੀ

ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਵਸ ਮੌਕੇ ਸੂਬੇ ਵਿਚ ਸੱਤ ਖੇਤਰੀ ਕਾਨਫਰੰਸਾਂ ਕਰੇਗੀ ਬਸਪਾ

ਜਲੰਧਰ/ਫਗਵਾੜਾ, 4 ਸਤੰਬਰ – ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨੂੰ ਬਿਆਨ ਦਿੰਦਿਆ ਕਿਹਾ ਕਿ ਸਤੰਬਰ ਦਾ ਮਹੀਨਾ ਬਸਪਾ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਜੀ ਨੂੰ ਸਮਰਪਿਤ ਕਰੇਗੀ ਜਿਸ ਤਹਿਤ ਉਹਨਾਂ ਦਾ ਜਨਮ ਦਿਵਸ ਪੰਜਾਬ ਵਿਚ ਜਿਲ੍ਹਾ ਪੱਧਰੀ ਕਾਨਫਰੰਸਾਂ ਕਰਕੇ ਮਨਾਇਆ ਜਾਵੇਗਾ। ਓਹਨਾਂ ਦਸਿਆ ਕਿ ਬਾਬਾ ਜੀਵਨ ਸਿੰਘ ਜੀ ਦਾ ਜਨਮ ਪਿਤਾ ਸਦਾ ਨੰਦ ਤੇ ਮਾਤਾ ਪ੍ਰੇਮੋ ਦੇ ਗ੍ਰਹਿ ਵਿਖੇ 30 ਨਵੰਬਰ, 1649 ਨੂੰ ਪਟਨਾ, ਬਿਹਾਰ ਵਿਖੇ ਹੋਇਆ ਸੀ। ਸਿੱਖ ਧਰਮ ਵਿੱਚ ਉਹਨਾਂ ਦੀ ਇੱਕ ਅਹਿਮ ਭੂਮਿਕਾ ਰਹੀ ਹੈ। ਉਹਨਾਂ ਨੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਂਕ ਤੋਂ ਚੱਕ ਕੇ ਸ੍ਰੀ ਅਨੰਦਪੁਰ ਸਾਹਿਬ ਲਿਆਂਦਾ ਸੀ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਉਣੇ ਸੀਨੇ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਹੋਣ ਦਾ ਵਰ ਦਿਤਾ। ਉਸ ਮਹਾਨ ਸਖਸ਼ੀਅਤ ਨੂੰ ਸਮਰਪਿਤ ਬਹੁਜਨ ਸਮਾਜ ਪਾਰਟੀ ਨੇ ਵਿਸ਼ਾਲ ਪ੍ਰੋਗਰਾਮ ਰੱਖੇ ਹਨ ਜਿਸ ਤਹਿਤ ਪਹਿਲਾਂ ਪ੍ਰੋਗਰਾਮ 11 ਸਤੰਬਰ ਬੁਢਲਾਡਾ, 12 ਸਤੰਬਰ ਫਰੀਦਕੋਟ, 18 ਸਤੰਬਰ ਸ਼੍ਰੀ ਹਰਗੋਬਿੰਦਪੁਰ ਸਾਹਿਬ, 19 ਸਤੰਬਰ ਸ਼੍ਰੀ ਅੰਮ੍ਰਿਤਸਰ ਸਾਹਿਬ, 24 ਸਤੰਬਰ ਦਿਨ ਐਤਵਾਰ ਨੂੰ ਮੋਗਾ, ਆਖਰੀ ਪ੍ਰੋਗਰਾਮ 25 ਸਤੰਬਰ ਦਿਨ ਸ਼ਨੀਵਾਰ ਨੂੰ ਸ਼੍ਰੀ ਫਿਰੋਜ਼ਪੁਰ ਅਤੇ 26 ਸਤੰਬਰ ਨੂੰ ਸ਼੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਜਨਸਭਾ ਜਲਸੇ ਹੋਣਗੇ। ਬਸਪਾ ਵਲੋਂ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਸਾਨੂੰ ਸਭ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਪਵੇਗਾ। ਸਰਦਾਰ ਗੜ੍ਹੀ ਨੇ ਦਸਿਆ ਕਿ ਪਿਛਲੀ ਵਾਰ ਵੀ ਬਸਪਾ ਨੇ ਕੋਰੋਨਾ ਕਾਲ ‘ਚ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਆਨਲਾਈਨ ਜ਼ੂਮ ਮੀਟਿੰਗ ਕਰਕੇ ਮਨਾਇਆ ਸੀ ਜਿਸ ਵਿੱਚ 70000 ਤੋਂ ਜਿਆਦਾ ਪੰਜਾਬੀਆਂ ਨੇ ਹਿੱਸਾ ਲਿਆ ਸੀ। ਸਾਹਿਬ ਕਾਂਸ਼ੀ ਰਾਮ ਜੀ ਦੇ ਅੰਦੋਲਨ ‘ਕਿਤੇ ਭੁੱਲ ਨਾ ਜਾਈਏ ਮਹਾਂਪੁਰਸ਼ਾਂ ਦੀ ਕੁਰਬਾਨੀ ਅੰਦੋਲਨ’ ਤਹਿਤ ਪ੍ਰੋਗਰਾਮ ਹੋਣਗੇ ਜਿਸਦਾ ਨਿਸ਼ਾਨਾ ਬਹੁਜਨ ਸਮਾਜ ਦੇ ਮਾਣ ਸਨਮਾਨ ਦੀ ਪ੍ਰਾਪਤੀ ਹਿਤ ਸਮੁਚੇ ਬਹੁਜਨ ਸਮਾਜ ਦੇ ਅੰਗ ਦਲਿਤ ਤੇ ਪਿਛੜੀਆਂ ਸ਼੍ਰੇਣੀਆਂ ਦੇ ਲੋਕਾਂ ਨੂੰ ਲਾਮਬੰਦ ਕਰਨਾ ਹੈ। ਪੰਜਾਬ ਦੇ ਦਲਿਤ ਪਛੜੇ ਵਰਗਾਂ ਨੂੰ ਕਾਂਗਰਸ ਭਾਜਪਾ ਵੱਲੋਂ ਅੱਪਵਿਤੱਰ ਤੇ ਗੈਰ ਪੰਥਕ ਦੱਸਣਾ ਅਤੇ ‘ਆਪ’ ਵਲੋਂ ਸੰਵਿਧਾਨ ਵਿਰੋਧੀ ਟਿੱਪਣੀਆਂ ਬਸਪਾ ਨੂੰ ਬਰਦਾਸਤ ਨਹੀਂ ਹੈ। ਬਸਪਾ ਪੂਰੇ ਪੰਜਾਬ ਵਿਚ ਮਾਣ ਸਨਮਾਨ ਦਾ ਅੰਦੋਲਨ ਤਿੱਖੇ ਰੂਪ ਵਿਚ ਜਾਰੀ ਰੱਖੇਗੀ। ਇਸ ਮੌਕੇ ਸੂਬਾ ਸਕੱਤਰ ਹਰਭਜਨ ਬਲਾਲੋਂ ਤੇ ਸੂਬਾ ਸਕੱਤਰ ਅਸ਼ੋਕ ਸੰਧੂ ਵੀ ਹਾਜ਼ਿਰ ਸਨ।

Leave a Reply

Your email address will not be published. Required fields are marked *