ਗੁਰਾਇਆਂ, 20 ਸਤੰਬਰ (ਮੁਨੀਸ਼ ਕੌਸ਼ਲ) – ਕੇਂਦਰੀ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਵਾਸੀਆਂ ਦਾ ਗੁੱਸਾ ਦਿਨ ਪ੍ਰਤੀ ਦਿਨ ਵੱਧਦਾ ਹੀ ਜਾ ਰਿਹਾ ਹੈ ਤੇ ਲੋਕਾਂ ਵੱਲੋਂ ਆਪੋ ਆਪਣੇ ਪਿੰਡਾਂ ਦੀਆਂ ਸਰਹੱਦਾਂ ਤੇ ਕਿਸੇ ਵੀ ਪਾਰਟੀ ਦੇ ਨੇਤਾਵਾਂ ਦਾ ਪਿੰਡਾਂ ਵਿੱਚ ਦਾਖਲ ਨਾ ਹੋਣ ਦੇ ਬੋਰਡ ਲਗਾਏ ਜਾ ਰਹੇ ਹਨ। ਇਸੇ ਹੀ ਕੜੀ ਦੇ ਤਹਿਤ ਗੁਰਾਇਆਂ ਨਜਦੀਕ ਪਿੰਡ ਰੁੜਕਾ ਖੁਰਦ ਵਿਖੇ ਵੀ ਪਿੰਡ ਦੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾ ਨੂੰ ਸਮਰਥਨ ਦਿੰਦਿਆਂ ਪਿੰਡ ਦੀ ਸਰਹੱਦ ‘ਤੇ ਕਿਸੇ ਵੀ ਸਿਆਸੀ ਨੇਤਾ ਦੇ ਪਿੰਡ ਵਿੱਚ ਨਾ ਆਉਣ ਦਾ ਬੋਰਡ ਲਗਾਇਆ ਗਿਆ। ਇਸ ਮੌਕੇ ਜਿੱਥੇ ਸਮੂਹ ਪਿੰਡ ਵਾਸੀਆਂ ਨੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਉਥੇ ਹੀ ਉਨਾਂ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ‘ਤੇ ਗੱਲਬਾਤ ਕਰਦਿਆ ਮੌਜੂਦਾ ਸਰਪੰਚ ਤੀਰਥ ਰਾਮ ਅਤੇ ਸਿੰਘ ਸਾਹਿਬ ਨੇ ਦੱਸਿਆ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀ ਹੁੰਦੇ ਉਦੋ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਨੇਤਾ ਨੂੰ ਵੋਟਾਂ ਦੇ ਮੰਤਵ ਨਾਲ ਕਿਸੇ ਵੀ ਸਮਾਗਮ ਬਾਬਤ ਪਿੰਡ ਵਿੱਚ ਨਹੀ ਆਉਣ ਦਿੱਤਾ ਜਾਵੇਗਾ। ਜਦ ਕਿ ਕਿਸੇ ਵੀ ਮਰਗ ਤੇ ਜਾਂ ਭੋਗ ‘ਤੇ ਹੀ ਉਕਤ ਨੇਤਾਵਾਂ ਨੂੰ ਪਿੰਡ ਵਿੱਚ ਆਉਣ ਦੀ ਇਜਾਜਤ ਹੋਵੇਗੀ।ਓਧਰ ਕਿਸਾਨ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਵੱਖ ਵੱਖ ਪਾਰਟੀਆਂ ਦੇ ਨੇਤਾਵਾ ਨੇ ਦੇਸ਼ ਦੇ ਟੁਕੜੇ ਟੁਕੜੇ ਕਰ ਕੇ ਰੱਖ ਦਿੱਤੇ ਹਨ ਤੇ ਲੋਕਾਂ ਨੂੰ ਸਿਰਫ ਤੇ ਸਿਰਫ ਗਲੀਆ ਨਾਲੀਆ ਬਣਾਉਣ ਤੱਕ ਹੀ ਸੀਮਤ ਰੱਖਿਆ ਹੋਇਆ ਹੈ ਜਦ ਕਿ ਇਹ ਕੰਮ ਤਾਂ ਉਨਾਂ ਵੱਲੋ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਵੀ ਕੀਤੇ ਜਾ ਰਹੇ ਹਨ ਫਿਰ ਲੋਕਾਂ ਨੂੰ ਸਰਕਾਰ ਬਣਾਉਣ ਦਾ ਕੀ ਫਾਇਦਾ। ਉਨਾਂ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਉਕਤ ਤਿੰਨੋ ਕਾਨੂੰਨ ਰੱਦ ਨਹੀ ਕਰਦੀ ਉਨਾਂ ਚਿਰ ਉਹ ਕਿਸੇ ਵੀ ਸਿਆਸੀ ਆਗੂ ਨੂੰ ਪਿੰਡ ਵਿੱਚ ਦਾਖਲ ਨਹੀ ਹੋਣ ਦੇਣਗੇ।