ਨਵੀਂ ਦਿੱਲੀ, 1 ਅਕਤੂਬਰ – ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਜੰਤਰ ਮੰਤਰ ਵਿਖੇ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਲਈ ਕੋਰਟ ਤੱਕ ਪਹੁੰਚ ਕਰਨ ‘ਤੇ ਕਿਸਾਨ ਮਹਾਂਪੰਚਾਇਤ ਦੀ ਖਿਚਾਈ ਕੀਤੀ ਹੈ ਤੇ ਕਿਸਾਨ ਅੰਦੋਲਨ ਨੂੰ ਲੈ ਕੇ ਸਖਤ ਟਿੱਪਣੀਆਂ ਕੀਤੀਆਂ ਹਨ। ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਨੂੰ (ਕਿਸਾਨਾਂ ਨੂੰ) ਵਿਰੋਧ ਕਰਨ ਦਾ ਅਧਿਕਾਰ ਹੈ, ਸੰਪੱਤੀ ਦਾ ਨੁਕਸਾਨ ਕਰਨ ਦਾ ਨਹੀਂ। ਪਹਿਲਾਂ ਸ਼ਹਿਰ ਦਾ ਗਲ੍ਹ ਘੁੱਟਿਆ, ਹੁਣ ਸ਼ਹਿਰ ਅੰਦਰ ਆ ਕੇ ਧਰਨੇ ਦੀ ਮੰਗ ਕੀਤੀ ਜਾ ਰਹੀ ਹੈ।ਸੁਪਰੀਮ ਕੋਰਟ ਮੁਤਾਬਿਕ ਕੀ ਸ਼ਹਿਰ ਦੇ ਲੋਕ ਆਪਣਾ ਬਿਜਨਸ ਬੰਦ ਕਰ ਦੇਣ? ਕੀ ਤੁਸੀ ਨਿਆਂਇਕ ਵਿਵਸਥਾ ਦਾ ਵਿਰੋਧ ਕਰ ਰਹੇ ਹੋ? ਨਾਗਰਿਕਾਂ ਨੂੰ ਵੀ ਆਣ ਜਾਣ ਦਾ ਅਧਿਕਾਰ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨ ਆਵਾਜਾਈ ‘ਚ ਰੁਕਾਵਟ ਪਾ ਰਹੇ ਹਨ, ਟਰੇਨਾਂ ਅਤੇ ਨੈਸ਼ਨਲ ਹਾਈਵੇ ਰੋਕ ਰਹੇ ਹਨ।ਤੁਸੀ ਹਾਈਵੇ ਜਾਮ ਕਰਦੇ ਹੋ ਫਿਰ ਕਹਿੰਦੇ ਹੋ ਕਿ ਵਿਰੋਧ ਸ਼ਾਂਤੀਪੂਰਨ ਹੈ। ਤੁਸੀ ਸੁਰੱਖਿਆ ਕਰਮੀਆਂ ਅਤੇ ਫੌਜ਼ੀਆਂ ਦਾ ਵੀ ਵਿਰੋਧ ਕਰਦੇ ਹੋ, ਇਹ ਬੰਦ ਹੋਣਾ ਚਾਹੀਦਾ ਹੈ। ਜੇ ਤੁਸੀ ਮਨ ਬਣਾ ਲਿਆ ਹੈ ਕੋਰਟ ਜਾਣ ਦਾ ਤਾਂ ਵਿਰੋਧ ਦੀ ਕੀ ਜ਼ਰੂਰਤ ਹੈ।ਜੇ ਤੁਹਾਨੂੰ ਕੋਰਟ ‘ਤੇ ਭਰੋਸਾ ਹੈ ਤਾਂ ਕੋਰਟ ‘ਤੇ ਭਰੋਸਾ ਕਰੋ। ਸੁਪਰੀਮ ਕੋਰਟ ਨੇ ਕਿਸਾਨ ਮਹਾਂਪੰਚਾਇਤ ਨੂੰ ਜੰਤਰ ਮੰਤਰ ਵਿਖੇ ਸਤਿਆਗ੍ਰਹਿ ਕਰਨ ਦੀ ਇਜ਼ਾਜ਼ਤ ਲਈ ਸੋਮਵਾਰ ਨੂੰ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ ਕਿ ਉਹ ਨੈਸ਼ਨਲ ਹਾਈਵੇ ਜਾਮ ਕਰਨ ਵਾਲੇ ਕਿਸਾਨਾਂ ਦੇ ਵਿਰੋਧ ਦਾ ਹਿੱਸਾ ਨਹੀਂ ਹਨ।