ਮਾਹਿਲਪੁਰ ਅੱਜ ਬਅਦ ਦੁਪਹਿਰ ਮਾਹਿਲਪੁਰ ਹੁਸ਼ਿਆਰਪੁਰ ਰੋਡ ‘ਤੇ ਪਿੰਡ ਜੈਤਪੁਰ ਦੇ ਅੱਡੇ ਵਿਚ ਇੱਕ ਦਰਦਨਾਕ ਸੜਕ ਹਾਦਸੇ ‘ਚ ਇੱਕੋ ਪਰਿਵਾਰ ਦੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ | ਮਿ੍ਤਕਾਂ ਵਿਚ ਪਤੀ, ਪਤਨੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਜੋ ਸਾਰੇ ਹੀ ਪੰਜ ਸਾਲ ਤੋਂ ਛੋਟੇ ਸਨ ਦੀ ਮੌਤ ਹੋ ਗਈ | ਮਿ੍ਤਕ ਪਰਿਵਾਰ ਲਾਗਲੇ ਪਿੰਡ ਨੰਗਲ ਚੋਰਾਂ ਦਾ ਸੀ | ਮਾਹਿਲਪੁਰ ਅਤੇ ਚੱਬੇਵਾਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ਾਂ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਢਾਈ ਵਜੇ ਦੇ ਕਰੀਬ ਅੱਡਾ ਜੈਤਪੁਰ ਇੱਕ ਮੋਟਰ ਸਾਈਕਲ ਅਤੇ ਕਾਰ ਦੀ ਟੱਕਰ ‘ਚ ਇੱਕੋ ਪਰਿਵਾਰ ਦੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ | ਮੌਤੇ ‘ਤੇ ਪ੍ਰਤੱਖ਼ਦਰਸ਼ੀਆਂ ਅਨੁਸਾਰ ਰਾਜੇਸ਼ ਕੁਮਾਰ ਪੁੱਤਰ ਹਰੀ ਸਿੰਘ ਵਾਸੀ ਰਾਜਸਥਾਨ ਹਾਲ ਵਾਸੀ ਨੰਗਲ ਚੋਰਾਂ ਆਪਣੇ ਮੋਟਰਸਾਈਕਲ ਨੰਬਰ ਪੀ ਬੀ 07 ਬੀ ਟੀ 8434 ‘ਤੇ ਸਵਾਰ ਹੋ ਕੇ ਸਵੇਰ ਤੋਂ ਹੀ ਆਪਣੇ ਪਿੰਡ ਤੋਂ ਪਿੰਡ ਬਾੜੀਆਂ ਕਲਾਂ ਗਿਆ ਹੋਇਆ ਸੀ ਅਤੇ ਵਾਪਿਸ ਆਪਣੇ ਪਿੰਡ ਨੂੰ ਆ ਰਿਹਾ ਸੀ | ਉਨ੍ਹਾਂ ਦੱਸਿਆ ਕਿ ਜਦੋਂ ਉਹ ਪਿੰਡ ਜੈਤਪੁਰ ਦੇ ਬੱਸ ਅੱਡੇ ਵਿਚ ਪਹੁੰਚਿਆਂ ਤਾਂ ਇੱਕ ਟਰੈਕਟਰ ਟਰਾਲੀ ਨੂੰ ਕਰਾਸ ਕਰਦਾ ਹੋਇਆ ਅੱਡੇ ਵਿੱਚੋਂ ਹੀ ਜਾਂਦੀ ਿਲੰਕ ਰੋਡ ਤੋਂ ਮੁੜਨ ਲੱਗਾ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੰਬਰ ਪੀ ਬੀ 07 ਏ ਡਬਲਯੂ 1818 ਨਾਲ ਟਕਰਾ ਗਿਆ | ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰ ਸਾਈਕਲ ਉੱਪਰ ਬੈਠਾ ਸਾਰਾ ਪਰਿਵਾਰ 15 ਫ਼ੁੱਟ ਉੱਚਾ ਉੱਲਰ ਕੇ ਹੇਠਾਂ ਡਿੱਗ ਪਿਆ ਜਿਸ ਕਾਰਨ ਪਤੀ ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਉਨ੍ਹਾਂ ਦੀਆਂ ਤਿੰਨ ਬੇਟੀਆਂ ਅਨਿੰਨਿਆ 04, ਇਸ਼ਕਾ 03 ਅਤੇ ਰਿਸ਼ੂ 01 ਦੀ ਹਸਪਤਾਲ ਜਾਂਦਿਆਂ ਮੌਤ ਹੋ ਗਈ | ਟੱਕਰ ਹੋਣ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਇੱਕ ਦਰਖ਼ਤ ਵਿਚ ਜਾ ਵੱਜੀ ਜਿਸ ਕਾਰਨ ਕਾਰ ਸਵਾਰ ਦੋਨੋਂ ਵਿਅਕਤੀ ਵੀ ਗੰਭੀਰ ਜ਼ਖ਼ਮੀ ਹੋ ਗਏ | ਉਨ੍ਹਾਂ ਦੀ ਹਾਲਤ ਨੂੰ ਤਰਸਯੋਗ ਦੇਖ਼ਦੇ ਹੋਏ ਉਨ੍ਹਾਂ ਨੂੰ ਤੁੰਰਤ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਜਿੱਥੇ ਉਨ੍ਹਾਂ ਦੋਨਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ | ਥਾਣਾ ਚੱਬੇਵਾਲ ਅਤੇ ਮਾਹਿਲਪੁਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਹਾਦਸੇ ਇੰਨਾ ਭਿਆਨਕ ਹੋਇਆ ਕਿ ਦੋਹਾਂ ਵਾਹਨਾਂ ਦੇ ਪਰਖੱਚੇ ਉੱਡ ਗਏ |