ਜਲੰਧਰ, 2 ਦਸੰਬਰ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪੰਜਾਬ ਦੇ ਸਾਬਕਾ ਉਪਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਲੰਧਰ ਦੇ ਦੋ ਦਿਨਾਂ ਦੌਰੇ ਦੇ ਤਹਿਤ ਕਰਤਾਰਪੁਰ-ਕਿਸ਼ਨਗੜ੍ਹ ਰੋਡ ‘ਤੇ ਰੈਲੀ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਜਦੋਂ ਦੇ ਕਾਲੇ ਖੇਤੀ ਕਾਨੂੰਨ ਲੈ ਕੇ ਆਈ ਹੈ। ਉਦੋਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦਾ ਸਾਥ ਛੱਡ ਦਿੱਤਾ ਹੈ।ਕੇਂਦਰ ਦੀ ਭਾਜਪਾ ਸਰਕਾਰ ਨੇ ਪੰਜਾਬ ਅਤੇ ਸਿੱਖ ਪੰਥ ਖਿਲਾਫ ਸਾਜ਼ਿਸ਼ਾਂ ਅਤੇ ਹਮਲੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ‘ਚ ਭਾਜਪਾ ਨੇ ਵੀ ਆਪਣੇ ਉਮੀਦਵਾਰ ਖੜੇ ਕੀਤੇ ਸਨ ਜੋ ਕਿ ਚੋਣ ਹਾਰ ਗਏ ਸਨ। ਇਸ ਕਰਕੇ ਚੋਣਾਂ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੂੰ ਅਜੇ ਤੱਕ ਚਾਰਜ ਨਹੀਂ ਲੈਣ ਦਿੱਤਾ ਗਿਆ।ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਪ੍ਰਧਾਨਗੀ ਤੋਂ ਅਸਤੀਫਾ ਦੇਣ ਤੋਂ ਬਾਅਦ ਭਾਜਪਾ ਵਿਚ ਸ਼ਾਮਿਲ ਹੋਣ ‘ਤੇ ਸੁਖਬੀਰ ਬਾਦਲ ਨੇ ਕਿਹਾ ਮਨਜਿੰਦਰ ਸਿੰਘ ਸਿਰਸਾ ਦਾ ਉਨ੍ਹਾਂ ਨੂੰ ਫੋਨ ਆਇਆ ਸੀ ਜਿਸ ਵਿਚ ਸਿਰਸਾ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਉਨ੍ਹਾਂ ਉੱਪਰ ਤੇ ਉਨ੍ਹਾਂ ਦੇ ਪੂਰੇ ਪਰਿਵਾਰ ਉੱਪਰ ਸ਼ਿਕੰਜਾ ਕੱਸ ਲਿਆ ਹੈ।ਸਿਰਸਾ ਨੇ ਵਟਸਐਪ ਮੈਸੇਜ ਕਰਕੇ ਵੀ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ (ਸਿਰਸਾ) ਨੂੰ ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਅਕਾਲੀ ਦਲ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋ ਜਾਵੋ ਜਾਂ ਜੇਲ੍ਹ ਜਾਵੋ। ਇਸ ਕਰਕੇ ਸਿਰਸਾ ਕੋਲ ਭਾਜਪਾ ‘ਚ ਜਾਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।ਅਕਾਲੀ ਦਲ ਦੇ ਹੋਰ ਆਗੂਆਂ ਅਤੇ ਵਰਕਰਾਂ ਨੂੰ ਵੀ ਮਾਮਲਾ ਦਰਜ ਕਰਵਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਿਰਸਾ ਇਸ ਦਬਾਅ ਨੂੰ ਸਹਿਨ ਨਹੀਂ ਕਰ ਸਕੇ ਜਿਨ੍ਹਾਂ ਨੇ ਅਕਾਲੀ ਦਲ ਨੂੰ ਛੱਡ ਦਿੱਤਾ।ਸੁਖਬੀਰ ਬਾਦਲ ਅਨੁਸਾਰ ਇਹ ਗੱਲ ਸਾਫ ਹੈ ਕਿ ਸ਼੍ਰੋਮਣੀ ਅਕਾਲੀ ਦਲ ਨਾ ਤਾਂ ਕਦੇ ਕਿਸੇ ਤੋਂ ਡਰਿਆ ਹੈ ਤੇ ਨਾ ਡਰੇਗਾ।