ਲਖਨਊ, 3 ਦਸੰਬਰ – ਉੱਤਰ ਪ੍ਰਦੇਸ਼ ਦੇ ਮਥੁਰਾ ਵਿਖੇ ਯਮੁਨਾ ਐਕਸਪ੍ਰੈੱਸਵੇਅ ‘ਤੇ ਅੱਜ ਸਵੇਰੇ ਹੋਏ ਭਿਆਨਕ ਸੜਕ ਹਾਦਸੇ ਵਿਚ 3 ਪੁਲਿਸ ਮੁਲਾਜ਼ਮਾਂ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਮੱਧਪ੍ਰਦੇਸ਼ ਦੇ ਜ਼ਿਲ੍ਹਾ ਟੀਕਮਗੜ੍ਹ ਥਾਣਾ ਬੁਡੇਰਾ ਦੀ ਪੁਲਿਸ ਕਿਸੇ ਅਪਰਾਧ ‘ਚ ਲੋੜੀਂਦੇ ਦੋਸ਼ੀਆਂ ਦੀ ਤਲਾਸ਼ ਵਿਚ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਲੈ ਕੇ ਹਰਿਆਣਾ ਦੇ ਬਹਾਦੁਰਗੜ੍ਹ ਜਾ ਰਹੀ ਸੀ ਕਿ ਰਸਤੇ ਵਿਚ ਯਮੁਨਾ ਐਕਸਪ੍ਰੈੱਸ ਵੇਅ ‘ਤੇ ਸੁਰੀਰ ਖੇਤਰ ‘ਚ ਚਾਲਕ ਗੱਡੀ ਤੋਂ ਸੰਤੁਲਨ ਗੁਆ ਬੈਠਾ ਤੇ ਬੋਲੈਰੋ ਗੱਡੀ ਪੁਲੀਆਂ ਨਾਲ ਟਕਰਾਉਣ ਤੋਂ ਬਾਅਦ ਪਲਟ ਗਈ। ਹਾਦਸੇ ਸਮੇਂ ਬੋਲੈਰੋ ਦੀ ਰਫਤਾਰ ਕਿੰਨੀ ਕੁ ਤੇਜ਼ ਹੋਵੇਗੀ, ਇਸ ਦਾ ਅੰਦਾਜ਼ਾ ਇੱਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਹਾਦਸੇ ਤੋਂ ਬਾਅਦ ਬੋਲੈਰੋ ਦੇ ਟੁੱਟ ਕੇ 2 ਹਿੱਸੇ ਹੋ ਗਏ।