ਕੋਹਿਮਾ, 5 ਦਸੰਬਰ – ਸ਼ਨੀਵਾਰ ਦੀ ਸ਼ਾਮ ਨਾਗਾਲੈਂਡ ਵਿਖੇ ਗੋਲੀਬਾਰੀ ਦੀ ਹੈਰਤਅੰਗੇਜ਼ ਘਟਨਾ ਸਾਹਮਣੇ ਆਈ ਹੈ, ਜਿਸ ਵਿਚ 13 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਸੰਖਿਆ ਵੱਧ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਮੋਨ ਜ਼ਿਲ੍ਹੇ ਦੇ ਅੋਟਿੰਗ ਦੇ ਤਿਰੂ ਪਿੰਡ ਦੀ ਹੈ ਤੇ ਗੋਲੀਬਾਰੀ ‘ਚ ਮਾਰੇ ਗਏ ਲੋਕ ਪਿਕਅਪ ਮਿੰਨੀ ਟਰੱਕ ‘ਚ ਆ ਰਹੇ ਸਨ। ਕਾਫੀ ਦੇਰ ਜਦੋਂ ਇਹ ਲੋਕ ਆਪਣੇ ਆਪਣੇ ਘਰਾਂ ‘ਚ ਨਹੀਂ ਪਹੁੰਚੇ ਤਾਂ ਪਿੰਡ ਦੇ ਵਲੰਟੀਅਰ ਇਨ੍ਹਾਂ ਨੂੰ ਲੱਭਣ ਲਈ ਨਿਕਲੇ, ਜਿਨ੍ਹਾਂ ਨੂੰ ਇਨ੍ਹਾਂ ਦੀਆਂ ਲਾਸ਼ਾਂ ਮਿਲੀਆਂ। ਇਸ ਘਟਨਾ ਤੋਂ ਬਾਅਦ ਗੁੱਸੇ ਵਿਚ ਆਏ ਪਿੰਡ ਦੇ ਲੋਕਾਂ ਨੇ ਸੁਰੱਖਿਆ ਬਲਾਂ ਦੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ। ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਓ ਰਿਓ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆ ਮਾਮਲੇ ਦੀ ਜਾਂਚ ਲਈ ਐੱਸ.ਆਈ.ਟੀ ਦਾ ਗਠਨ ਕਰ ਦਿੱਤਾ ਹੈ। ਓਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਘਟਨਾ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ।