ਬ੍ਰਿਸਬੇਨ, 11 ਦਸੰਬਰ – ਆਸਟ੍ਰੇਲੀਆ ਅਤੇ ਇੰਗਲੈਂਡ ਦੀਆਂ ਟੀਮਾਂ ਵਿਚਕਾਰ ਐਸ਼ੇਜ ਲੜੀ ਦੇ ਬ੍ਰਿਸਬੇਨ ਵਿਖੇ ਹੋਏ ਪਹਿਲੇ ਕ੍ਰਿਕੇਟ ਟੈਸਟ ਮੈਚ ਵਿਚ ਆਸਟ੍ਰੇਲੀਆ ਨੇ ਚੌਥੇ ਦਿਨ ਹੀ ਇੰਗਲੈਂਡ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਤੇ 5 ਮੈਚਾਂ ਦੀ ਲੜੀ ਵਿਚ 1-0 ਦੀ ਲੀਡ ਹਾਸਿਲ ਕਰ ਲਈ। ਟੈਸਟ ਮੈਚ ਦੇ ਚੌਥੇ ਦਿਨ ਇੰਗਲੈਂਡ ਨੇ 2 ਵਿਕਟਾਂ ਦੇ ਨੁਕਸਾਨ ‘ਤੇ 200 ਦੌੜਾਂ ਤੋਂ ਬਾਅਦ ਆਪਣੀ ਦੂਸਰੀ ਪਾਰੀ ਅੱਗੇ ਸ਼ੁਰੂ ਕੀਤੀ ਤੇ ਪਹਿਲੇ ਸੈਸ਼ਨ ਵਿਚ ਹੀ ਇੰਗਲੈਂਡ ਦੀ ਦੂਸਰੀ ਪਾਰੀ ਲੜਖੜਾ ਗਈ। ਸ਼ਾਨਦਾਰ ਬੱਲੇਬਾਜ਼ੀ ਕਰ ਰਹੇ ਕਪਤਾਨ ਜੌ ਰੂਟ 89 ਦੌੜਾਂ ਬਣਾ ਕੇ ਕੈਮਰੂਨ ਗ੍ਰੀਨ ਦੀ ਗੇਂਦ ‘ਤੇ ਆਊਟ ਹੋ ਗਏ ਜਦਕਿ ਡੇਵਿਡ ਮਲਾਨ 82 ਦੌੜਾਂ ਬਣਾ ਕੇ ਲਿਓਨ ਦੀ ਗੇਂਦ ‘ਤੇ ਆਊਟ ਹੋ ਗਏ।ਇੰਗਲੈਂਡ ਦੀ ਪੂਰੀ ਟੀਮ ਦੂਸਰੀ ਪਾਰੀ ‘ਚ 297 ਦੌੜਾਂ ਬਣਾ ਕੇ ਆਊਟ ਹੋ ਗਈ।ਆਸਟ੍ਰੇਲੀਆ ਨੂੰ ਜਿੱਤ ਲਈ 20 ਦੌੜਾਂ ਦਾ ਟੀਚਾ ਮਿਲਿਆ, ਜੋ ਕਿ ਉਸ ਨੇ ਇੱਕ ਵਿਕਟ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ।