ਚੰਡੀਗੜ੍ਹ/ਜਲੰਧਰ, 18 ਦਸੰਬਰ – ਪੰਜਾਬ ਦੇ ਮੁੱਖਮੰਤਰੀ ਚਰਨਜੀਤ ਚੰਨੀ ਵਲੋਂ ਬਹੁਜਨ ਸਮਾਜ ਪਾਰਟੀ ਨੂੰ ਅਕਾਲੀ ਦਲ ਦੇ ਕੋਲ ਵਿਕਾਊ ਹੋਣ ਦੇ ਦਿੱਤੇ ਗਏ ਬਿਆਨ ਤੇ ਪ੍ਰਤੀਕ੍ਰਿਆ ਦਿੰਦੇ ਹੋਏ ਪੰਜਾਬ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਇਸਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੁੱਖਮੰਤਰੀ ਵਲੋਂ ਦਿੱਤੇ ਗਏ ਬਿਆਨ ਉਨ੍ਹਾਂ ਦੀ ਬਦਹਵਾਸੀ ਨੂੰ ਦਰਸ਼ਾਉਦੇ ਹਨ। ਉਨ੍ਹਾ ਕਿਹਾ ਕਿ ਪੰਜਾਬ ਵਿੱਚ ਬਸਪਾ ਦਾ ਹਾਥੀ ਕਾਂਗਰਸ ਦੇ ਪੰਜੇ ਨੂੰ ਕੁਚਲ ਰਿਹਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਚੰਨੀ ਦੇ ਬਿਆਨ ਨੂੰ ਹਾਸੋਹਿਣਾ ਦੱਸਦੇ ਹੋਏ ਕਿਹਾ ਕਿ ਸਾਲ 2016 ਤੋਂ ਲੈ ਕੇ 2021 ਕਾਂਗਰਸ ਪਾਰਟੀ ਦੇ ਕੁਲ 224 ਸਾਂਸਦ ਅਤੇ ਵਿਧਾਇਕ ਕਾਂਗਰਸ ਪਾਰਟੀ ਨੂੰ ਛੱਡ ਭਾਜਪਾ ਵਿੱਚ ਸ਼ਾਮਿਲ ਹੋ ਗਏ ਹਨ। ਉਥੇ ਹੀ ਮੱਧ ਪ੍ਰਦੇਸ਼ ਦੇ ਕਾਂਗਰਸ ਦੇ ਵੱਡੇ ਨੇਤਾ । ਜੋਤੀਰਾਦਿਤਿਆ ਸਿੰਧੀਆ 27 ਵਿਧਾਇਕਾਂ ਨੂੰ ਅਪਣੇ ਨਾਲ ਲੈਕੇ ਸਾਲ 2020 ਵਿੱਚ ਭਾਜਪਾ ਵਿੱਚ ਸ਼ਾਮਿਲ ਹੋਏ ਅਤੇ ਸੂਬੇ ਵਿੱਚ ਬਣੀ ਕਾਂਗਰਸ ਦੀ ਸਰਕਾਰ ਨੂੰ ਵੀ ਡੇਗ ਦਿੱਤਾ । ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪੰਜਾਬ ਦੇ ਨਵਾਂਸਹਿਰ ਤੋਂ ਕਾਂਗਰਸ ਵਿਧਾਇਕ ਅੰਗਦ ਸਿੰਘ ਦੀ ਪਤਨੀ ਅਦਿਤੀ ਸਿੰਘ ਜੋ ਕਿ ਉੱਤਰ ਪ੍ਰਦੇਸ਼ ਦੇ ਰਾਇਬਰੇਲੀ ਤੋਂ ਵਿਧਾਇਕ ਹੈ, ਉਹ ਬੀਤੇ ਦਿਨੀ ਕਾਂਗਰਸ ਨੂੰ ਗੁਡਬਾਏ ਕਹਿਕੇ ਭਾਜਪਾ ਵਿੱਚ ਸ਼ਾਮਿਲ ਹੋ ਗਈ। ਪੰਜਾਬ ਦਾ ਕਾਂਗਰਸ ਦਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਪੀਂਘਾਂ ਝੂਟ ਰਿਹਾ ਹੈ। ਭਾਜਪਾ ਦਾ ਸਟਾਰ ਪ੍ਰਚਾਰਕ ਨਵਜੋਤ ਸਿੱਧੂ ਅੱਜ ਸੂਬੇ ਦੀ ਕਾਂਗਰਸ ਦਾ ਪ੍ਰਧਾਨ ਹੈ। ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਹਨਾਂ ਅੰਕੜਿਆ ਤੋਂ ਸਪੱਸ਼ਟ ਹੈ ਕਿ ਕਾਂਗਰਸ ਪਾਰਟੀ ਦੇ ਨੇਤਾ ਹੀ ਭਾਜਪਾ ਦੀ ਬੀ ਟੀਮ ਹੈ । ਗੜ੍ਹੀ ਨੇ ਕਿਹਾ ਕਿ ਕਾਂਗਰਸ ਪਾਰਟੀ ਸਾਜਿਸ਼ ਦੇ ਤਹਿਤ ਬਸਪਾ ਨੂੰ ਤੋੜਨਾ ਚਾਹੁੰਦੀ ਹੈ, ਪਰ ਉਨ੍ਹਾਂ ਦੀ ਕੋਈ ਵੀ ਕੋਸ਼ਿਸ਼ ਕਾਮਯਾਬ ਨਹੀਂ ਹੋਵੇਗੀ। ਜਸਵੀਰ ਸਿੰਘ ਗੜ੍ਹੀ ਨੇ ਆਰੋਪ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਲਿਤ ਵਰਗ ਦੇ ਹਮਦਰਦ ਹੋਣ ਦਾ ਢੋਂਗ ਕਰਦੇ ਹਨ । ਮੁੱਖ ਮੰਤਰੀ ਚੰਨੀ ਨੇ ਖੁਦ ਆਪਣਾ ਜ਼ਮੀਰ ਸਿੱਧੂ ਤੇ ਦਿੱਲੀ ਗਿਰਵੀ ਰੱਖਿਆ ਹੈ, ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਹੁਣ ਤੱਕ ਆਪਣੇ ਜਿਲ੍ਹੇ ਵਿੱਚ ਬਸਪਾ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੇ ਜਨਮ ਸਥਾਨ ਤੱਕ ਜਾ ਨਹੀਂ ਸਕੇ। ਮੁੱਖ ਚੰਨੀ ਇੰਨਾ ਮਜਬੂਰ ਮੁੱਖ ਮੰਤਰੀ ਹੈ ਕਿ ਪੰਜਾਬ ਦੇ ਦਲਿਤ ਵਰਗਾਂ ਚੋਂ ਨਿਯੁਕਤ ਕਾਰਜਕਾਰੀ ਪੁਲਿਸ ਮੁਖੀ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਕੁਰਸੀ ਤੱਕ ਨਹੀਂ ਬਚਾ ਸਕੇ। ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕੀਤੀ ਕਿ ਬਸਪਾ ਨੇ ਹੁਣ ਤੱਕ 17 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਜਿਸ ਵਿਚ ਬਸਪਾ ਕੇਡਰ ਦੇ ਖੁਦ ਸੂਬਾ ਪ੍ਰਧਾਨ, ਤਿੰਨ ਸੂਬਾ ਜਨਰਲ ਸਕੱਤਰ (ਨਵਾਂਸਹਿਰ ਤੋਂ ਡਾ. ਨਛੱਤਰ ਪਾਲ, ਕਰਤਾਰਪੁਰ ਤੋਂ ਬਲਵਿੰਦਰ ਕੁਮਾਰ, ਮਹਿਲ ਕਲਾਂ ਤੋਂ ਚਮਕੌਰ ਸਿੰਘ), ਇਕ ਸੂਬਾ ਸਕੱਤਰ (ਪਾਇਲ ਤੋਂ ਡਾ ਜਸਪ੍ਰੀਤ ਸਿੰਘ), ਇਕ ਪਾਰਲੀਮੈਂਟ ਜੋਨ ਇੰਚਾਰਜ (ਬੱਸੀ ਪਠਾਣਾਂ ਤੋਂ ਵਕੀਲ ਸ਼ਿਵ ਕਲਿਆਣ), ਇਕ ਬਾਮਸੇਫ ਆਗੂ (ਜਲੰਧਰ ਉਤਰੀ ਤੋਂ ਅਨਿਲ ਕੁਮਾਰ ਮਹੀਨਿਆਂ), ਇਕ ਜਿਲ੍ਹਾ ਪ੍ਰਧਾਨ (ਸ਼ਾਮਚੁਰਾਸੀ ਤੋਂ ਮਹਿੰਦਰ ਸੰਧਰਾ) ਆਦਿ ਅਹੁਦੇਦਾਰ ਸ਼ਾਮਿਲ ਹਨ। ਬਸਪਾ ਦੇ ਮੂਲ ਕੇਡਰ ਨੂੰ ਦਰਜਨ ਦੇ ਲਗਭਗ ਟਿਕਟਾਂ ਦੇਣਾ ਬਸਪਾ ਦੀ ਵੱਡੀ ਪ੍ਰਾਪਤੀ ਹੈ। ਬਸਪਾ ਦੇ ਮੂਲ ਕੇਡਰ ਤੋਂ ਇਲਾਵਾ ਬਸਪਾ ਨੇ ਸਾਰੇ ਜਾਤੀ ਧਰਮਾਂ ਦਾ ਖਿਆਲ ਰੱਖਕੇ ਭਵਿੱਖ ਦੀ ਸੰਗਠਨ ਢਾਂਚਾ ਬਨਾਉਣ ਦੇ ਸਪੱਸ਼ਟ ਸੰਕੇਤ ਦਿਤੇ ਹਨ, ਜਿਸ ਵਿਚ ਸਾਰੇ ਭਾਈਚਾਰੇ ਸ਼ਾਮਿਲ ਹੋਣਗੇ, ਇਸ ਤਹਿਤ ਟਿਕਟ ਵੰਡ ਵਿਚ ਦਸੂਹਾ ਤੋਂ ਬ੍ਰਾਹਮਣ, ਹੁਸ਼ਿਆਰਪੁਰ ਤੋਂ ਸਿੱਖ ਰਾਜਪੂਤ, ਬੱਸੀ ਪਠਾਣਾਂ ਤੋਂ ਵਾਲਮੀਕਿ, ਅੰਮ੍ਰਿਤਸਰ ਸੈਂਟਰਲ ਤੋਂ ਮਜ਼੍ਹਬੀ ਸਿੱਖ, ਕਪੂਰਥਲਾ ਤੋਂ ਜੱਟ, ਉੜਮੁੜ ਤੇ ਜਲੰਧਰ ਉਤਰੀ ਤੋਂ ਲੁਬਾਣਾ ਸਿੱਖ, ਭੌਆ ਤੇ ਦੀਨਾਨਗਰ ਤੋਂ ਮਹਾਸ਼ਾ, ਜਲੰਧਰ ਪਛਮੀ ਤੋਂ ਸਿਆਲਕੋਟੀ, ਬਾਕੀ ਸੀਟਾਂ ਤੋਂ ਆਦਿਧਰਮੀ ਰਵਿਦਾਸੀਆ ਤੇ ਰਾਮਦਾਸੀਆਂ ਭਾਈਚਾਰੇ ਨੂੰ ਟਿਕਟ ਦਿੱਤੀ ਹੈ। ਵੱਖ ਵੱਖ ਭਾਈਚਾਰਿਆਂ ਨੂੰ ਟਿਕਟ ਦੇ ਕੇ ਨਿਵਾਜਨਾ ਕਾਂਗਰਸ ਦੀ ਤਕਲੀਫ਼ ਹੈ ਜੋ ਕਿ ਬਸਪਾ ਦੇ ਅਧਾਰ ਨੂੰ ਸਿਰਫ ਜਾਤੀ ਵਿਸੇਸ਼ ਤੱਕ ਰੱਖਣਾ ਚਾਹੁੰਦੀ ਹੈ। ਸ. ਗੜ੍ਹੀ ਨੇ ਕਿਹਾ ਕਿ ਬਸਪਾ ਦਾ ਉਦੇਸ਼ ਸਰਵਜਨ ਹਿਤਾਏ ਸਰਵਜਨ ਸੁਖਾਏ ਦੇ ਅਧਾਰ ਤੇ ਸਰਬ ਜਾਤੀ ਸਰਬ ਧਰਮ ਦੇ ਸਾਰੇ ਲੋਕਾਂ ਦੇ ਭਲੇ ਲਈ ਰਾਜਸੱਤਾ ਦੀ ਚਾਬੀ ‘ਤੇ ਕਬਜ਼ਾ ਕਰਨਾ ਹੈ, ਹੁਣ ਕਾਂਗਰਸ ਦੇ ਰੋਕਿਆ ਬਸਪਾ ਨੂੰ ਨਹੀਂ ਰੋਕਿਆ ਜਾ ਸਕਦਾ।