ਪਾਂਸ਼ਟਾ, 20 ਮਈ (ਰਜਿੰਦਰ) – ਫਗਵਾੜਾ ਨਜਦੀਕ ਪਿੰਡ ਨਰੂੜ ਵਿਖੇ ਚੋਰੀ ਦੀਆਂ ਵਾਰਦਾਤਾਂ ਵਿੱਚ ਆਏ ਦਿਨ ਇਜ਼ਾਫਾ ਹੋ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀ ਖਾਸੇ ਪ੍ਰੇਸ਼ਾਨ ਹਨ। ਚੋਰਾਂ ਵੱਲੋਂ ਚੋਰੀ ਦੀ ਇੱਕ ਹੋਰ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਖੇਤਾਂ ਵਿੱਚ ਬਣਾਏ ਗਏ ਮੋਟਰ ਦੇ ਕਮਰੇ ਨੂੰ ਜਿੱਥੋ ਕਿ ਚੋਰ ਕਮਰੇ ਦੀਆਂ ਗਰਿੱਲਾਂ ਅਤੇ ਮੋਟਰਾਂ ਦੇ ਪਾਈਪ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਨਾਂ ਨੇ ਇਹ ਮੋਟਰ ਜਸਵਿੰਦਰ ਸਿੰਘ ਬੰਟੀ ਕੋਲੋਂ ਠੇਕੇ ‘ਤੇ ਲਈ ਹੋਈ ਹੈ ਤੇ ਉਹ ਜਦੋਂ ਸਵੇਰੇ ਖੇਤਾਂ ਦੀ ਵਹਾਈ ਕਰਨ ਲਈ ਆਇਆ ਤਾਂ ਦੇਖਿਆ ਕਿ ਮੋਟਰ ਦੀ ਲੋਹੇ ਦੀ ਗਰਿੱਲ ਗਾਇਬ ਸੀ, ਜਦ ਕਿ ਪਹਿਲਾਂ ਵੀ ਉਸ ਦੀ ਮੋਟਰ ਦਾ ਪਾਈਪ ਚੋਰੀ ਹੋ ਚੁੱਕਾ ਹੈ। ਪ੍ਰਭਜੋਤ ਅਨੁਸਾਰ ਇਸ ਚੋਰੀ ਨਾਲ ਉਸ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ, ਜਿਸ ਸਬੰਧੀ ਉਨਾਂ ਪੁਲਿਸ ਚੌਂਕੀ ਪਾਂਸ਼ਟਾ ਨੂੰ ਸੂਚਨਾ ਦੇ ਦਿੱਤੀ ਹੈ।ਪਿੰਡ ਵਿਚ ਆਏ ਦਿਨ ਚੋਰੀ ਦੀਆਂ ਹੋ ਰਹੀਆਂ ਵਾਰਦਾਤਾਂ ਨੂੰ ਦੇਖਦੇ ਹੋਏ ਪਿੰਡ ਦੇ ਸਰਪੰਚ ਸੁਰਜੀਤ ਸਿੰਘ ਪੰਚਾਇਤ ਮੈਂਬਰਾਂ ਅਤੇ ਹੋਰ ਮੋਹਤਬਾਰਾਂ ਨੂੰ ਨਾਲ ਲੈ ਕੇ ਐੱਸ.ਐੱਚ.ਓ ਥਾਣਾ ਰਾਵਲਪਿੰਡ ਹਰਦੇਵਪ੍ਰੀਤ ਸਿੰਘ ਨੂੰ ਮਿਲਣ ਗਏ, ਪਰੰਤੂ ਐੱਸ.ਐੱਚ.ਓ ਦੇ ਅਦਾਲਤ ਜਾਣ ਕਰਕੇ ਉਹ ਨਹੀਂ ਮਿਲ ਸਕੇ। ਇਸ ਮੌਕੇ ਪੰਚ ਇਮਿੰਦਰ ਸਿੰਘ ਨੇ ਦੱਸਿਆ ਕਿ ਹੁਣ ਤੱਕ ਉਨਾਂ ਦੇ ਪਿੰਡ ਵਿੱਚ 8 ਚੋਰੀਆਂ ਹੋ ਚੁੱਕੀਆ ਹਨ ਪਰ ਪੁਲਿਸ ਨੇ ਅਜੇ ਤੱਕ ਇੱਕ ਵੀ ਚੋਰੀ ਨੂੰ ਕਾਬੂ ਨਹੀ ਕੀਤਾ। ਪੰਚ ਇਮਿੰਦਰ ਸਿੰਘ ਅਨੁਸਾਰ ਅਗਰ ਪੁਲਿਸ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਨਾ ਕੀਤਾ ਉਨਾਂ ਨੂੰ ਮਜਬੂਰਨ ਹੁਸ਼ਿਆਰਪੁਰ-ਫਗਵਾੜਾ ਮਾਰਗ ਜਾਮ ਕਰਨਾ ਪਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਨੂੰ ਲੈ ਕੇ ਜਦੋਂ ਥਾਣਾ ਰਾਵਲ ਪਿੰਡੀ ਦੇ ਐੱਸ.ਐੱਚ.ਓ ਹਰਦੇਵਪ੍ਰੀਤ ਸਿੰਘ ਨਾਲ ਫੋਨ ‘ਤੇ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।