ਵਿਸ਼ਵ ਹਿੰਦੂ ਪ੍ਰਰੀਸ਼ਦ ਨੰਗਲ ਬਲਾਕ ਦੇ ਪ੍ਰਧਾਨ ਵਿਕਾਸ ਪ੍ਰਭਾਕਰ ਕਤਲ ਕੇਸ ਵਿਚ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੂੰ ਅੱਜ ਜੁਡੀਸ਼ਅਲ ਕੋਰਟ ਕੰਪਲੈਕਸ ਨੰਗਲ ਵਿਖੇ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਪੁਲਿਸ ਨੂੰ ਮੁਲਜ਼ਮਾਂ ਦਾ 6 ਦਿਨ ਦਾ ਰਿਮਾਂਡ ਦਿਤਾ ਹੈ। ਮੁਲਜ਼ਮਾਂ ਨੂੰ 23 ਅਪ੍ਰੈਲ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੰਜਾਬ ਪੁਲਿਸ ਨੇ ਬੀਤੇ ਦਿਨ ਜਾਣਕਾਰੀ ਦਿੰਦਿਆਂ ਦਸਿਆ ਸੀ ਕਿ ਉਸ ਨੇ ਵਿਕਾਸ ਪ੍ਰਭਾਕਰ ਕਤਲ ਕੇਸ ਨੂੰ 3 ਦਿਨਾਂ ਤੋਂ ਵੀ ਘੱਟ ਸਮੇਂ ਵਿਚ ਸੁਲਝਾਇਆ ਹੈ। ਰੂਪਨਗਰ ਪੁਲਿਸ ਵਲੋ SSOC ਮੁਹਾਲੀ ਦੇ ਨਾਲ ਇਕ ਸਾਂਝੇ ਆਪ੍ਰੇਸ਼ਨ ਵਿਚ ਪਾਕਿਸਤਾਨ ਅਧਾਰਿਤ ਅਤਿਵਾਦੀ ਮਾਸਟਰਮਾਈਂਡ ਦੁਆਰਾ ਸਮਰਥਨ ਪ੍ਰਪਾਤ ਅਤਿਵਾਦੀ ਮਾਡਿਊਲ ਦੇ 2 ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਗਿਆਨਕ ਜਾਂਚ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਮਨਦੀਪ ਕੁਮਾਰ ਉਰਫ ਮੰਗੀ ਅਤੇ ਸੁਰਿੰਦਰ ਕੁਮਾਰ ਉਰਫ਼ ਰਿੱਕਾ ਵਜੋਂ ਹੋਈ ਹੈ, ਜਿਨ੍ਹਾਂ ਨੂੰ 32 ਬੋਰ ਦੇ 2 ਪਿਸਤੌਲ, 16 ਜਿੰਦਾ ਕਾਰਤੂਸ, 01 ਖਾਲੀ ਕਾਰਤੂਸ ਅਤੇ ਵਾਰਦਾਤ ਵਿਚ ਵਰਤੀ ਗਈ ਇਕ ਟੀ.ਵੀ.ਐਸ. ਜੁਪੀਟਰ ਸਕੂਟਰ ਸਮੇਤ ਕਾਬੂ ਕੀਤਾ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਇਕ ਦਹਿਸ਼ਤੀ ਮਾਡਿਊਲ ਹੈ, ਜਿਸ ਨੂੰ ਪੁਰਤਗਾਲ ਅਤੇ ਹੋਰ ਥਾਵਾਂ ਤੋਂ ਸੰਚਾਲਿਤ ਵਿਦੇਸ਼ੀ ਹੈਂਡਲਰਾਂ ਦੁਆਰਾ ਸੰਚਾਲਿਤ ਕੀਤਾ ਜਾਂਦਾ ਹੈ ਅਤੇ ਫੰਡ ਦਿਤਾ ਜਾਂਦਾ ਹੈ। ਡੀਜੀਪੀ ਪੰਜਾਬ ਨੇ ਕਿਹਾ ਕਿ ਪੰਜਾਬ ਪੁਲਿਸ ਸੂਬੇ ਵਿਚ ਅਮਨ-ਕਾਨੂੰਨ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।