ਅਹਾਤੇ ‘ਚ ਸ਼ਰਾਬ ਪੀਂਦੇ ਪੁਲਿਸ ਮੁਲਾਜ਼ਮਾਂ ਦੀ ਵੀਡੀਓ ਵਾਇਰਲ

ਵੱਲਾ ਥਾਣੇ ਤੋਂ ਮਹਿਜ਼ ਸੌ ਗਜ਼ ਦੂਰ ਡਿਊਟੀ ’ਤੇ ਤਾਇਨਾਤ ਚਾਰ ਪੁਲਿਸ ਮੁਲਾਜ਼ਮਾਂ ਨੇ ਵੀਰਵਾਰ ਸ਼ਾਮ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਸ਼ਰਾਬ ਪੀਂਦੇ ਹੋਏ ਦੋ ਜਵਾਨ ਪੁਲਿਸ ਦੀ ਵਰਦੀ ਵਿਚ ਸਨ ਨਾਲ ਲੱਗਦੇ ਮੇਜ਼ ’ਤੇ ਬੈਠੇ ਇੱਕ ਹੋਰ ਸ਼ਰਾਬੀ ਨੇ ਜਦੋਂ ਇਹ ਘਟਨਾ ਵੇਖੀ ਤਾਂ ਉਸ ਨੇ ਤੁਰੰਤ ਆਪਣਾ ਮੋਬਾਈਲ ਕੱਢ ਕੇ ਚਾਰਾਂ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਪੁਲਿਸ ਮੁਲਾਜ਼ਮਾਂ ਵੱਲੋਂ ਵਰਦੀ ਪਾ ਕੇ ਸ਼ਰਾਬ ਪੀਣਾ ਪੁਲਿਸ ਵਿਭਾਗ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਗਿਆ ਹੈ। ਪਤਾ ਲੱਗਾ ਹੈ ਕਿ ਵੀਡੀਓ ਬਣਾਉਣ ਤੋਂ ਬਾਅਦ ਸ਼ਰਾਬੀ ਨੇ ਇਹ ਵੀਡੀਓ ਸਾਰੇ ਉੱਚ ਪੁਲਿਸ ਅਧਿਕਾਰੀਆਂ ਨੂੰ ਭੇਜ ਦਿੱਤੀ। ਦੂਜੇ ਪਾਸੇ ਇਲਾਕਾ ਦੇ ਏਡੀਸੀਪੀ (3) ਨਵਜੋਤ ਸਿੰਘ ਨੇ ਕਿਹਾ ਕਿ ਜੇਕਰ ਪੁਲਿਸ ਮੁਲਾਜ਼ਮਾਂ ਵੱਲੋਂ ਅਜਿਹੀ ਹਰਕਤ ਕੀਤੀ ਗਈ ਹੈ ਤਾਂ ਇਹ ਸ਼ਰਮਨਾਕ ਹੈ। ਅਜਿਹੇ ਮੁਲਾਜ਼ਮਾਂ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਵੱਲਾ ਥਾਣੇ ਤੋਂ ਮਹਿਜ਼ ਸੌ ਗਜ਼ ਦੂਰ ਸਥਿਤ ਇਕ ਅਹਾਤੇ ਦੀ ਹੈ। ਵਾਇਰਲ ਵੀਡੀਓ ‘ਚ ਵਰਦੀ ‘ਚ ਦੋ ਪੁਲਿਸ ਮੁਲਾਜ਼ਮ ਕੁਰਸੀਆਂ ‘ਤੇ ਬੈਠੇ ਹਨ, ਉਨ੍ਹਾਂ ਦੇ ਸਾਹਮਣੇ ਸਾਦੇ ਕੱਪੜਿਆਂ ‘ਚ ਇਕ ਮੁਲਾਜ਼ਮ ਬੈਠਾ ਹੈ, ਜਦਕਿ ਸਾਦੇ ਕੱਪੜਿਆਂ ‘ਚ ਬੈਠਾ ਇਕ ਹੋਰ ਪੁਲਿਸ ਮੁਲਾਜ਼ਮ ਉਥੋਂ ਉੱਠ ਕੇ ਅਹਾਤਾ ਮਾਲਕ ਨੂੰ ਕੁਝ ਮੰਗਵਾਉਣ ਲਈ ਚਲਾ ਗਿਆ ਸੀ। ਸੱਤ ਸੈਕਿੰਡ ਦੀ ਵੀਡੀਓ ਵਿਚ ਪੁਲਿਸ ਮੁਲਾਜ਼ਮਾਂ ਦੇ ਸਾਹਮਣੇ ਮੇਜ਼ ’ਤੇ ਸ਼ਰਾਬ ਦੀਆਂ ਬੋਤਲਾਂ ਅਤੇ ਗਲਾਸ ਨਜ਼ਰ ਆ ਰਹੇ ਹਨ।

Leave a Reply

Your email address will not be published. Required fields are marked *