ਸੁਲਤਾਨਪੁਰ-ਅੰਮ੍ਰਿਤਸਰ ਹਾਈਵੇਅ ‘ਤੇ ਵਾਪਰਿਆ ਸੜਕ ਹਾਦਸਾ, ਪਿਓ-ਧੀ ਦੀ ਮੌਕੇ ‘ਤੇ ਹੋਈ ਮੌਤ

ਪੰਜਾਬ ਦੇ ਸੁਲਤਾਨਪੁਰ ਅੰਮ੍ਰਿਤਸਰ ਹਾਈਵੇ ‘ਤੇ ਹੋਏ ਸੜਕ ਹਾਦਸੇ ‘ਚ ਪਿਓ-ਧੀ ਦੀ ਮੌਤ ਹੋ ਗਈ। ਤੇਜ਼ ਰਫਤਾਰ ਕਾਰ ਚਾਲਕ ਨੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਬਾਈਕ ਕਰੀਬ 15 ਫੁੱਟ ਦੂਰ ਜਾ ਡਿੱਗੀ। ਹਾਦਸਾ ਇੰਨਾ ਭਿਆਨਕ ਸੀ ਕਿ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸਦੇ ਪਰਿਵਾਰ ਦੇ ਤਿੰਨ ਮੈਂਬਰ ਗੰਭੀਰ ਰੂਪ ‘ਚ ਜ਼ਖਮੀ ਹੋ ਗਏ। ਇਹ ਹਾਦਸਾ 7 ਵਜੇ ਦੇ ਕਰੀਬ ਵਾਪਰਿਆ। ਜ਼ਖਮੀ ਦੇ ਪਰਿਵਾਰਕ ਮੈਂਬਰ ਅਤੇ ਲੋਕ ਵੱਖ-ਵੱਖ ਹਸਪਤਾਲਾਂ ਵਿੱਚ ਗੇੜੇ ਮਾਰਦੇ ਰਹੇ ਪਰ ਕਿਸੇ ਨੇ ਵੀ ਜ਼ਖਮੀਆਂ ਦਾ ਸਹੀ ਇਲਾਜ ਨਹੀਂ ਕੀਤਾ। ਜਦੋਂ ਤੱਕ ਜ਼ਖਮੀਆਂ ਨੂੰ ਸਿਵਲ ਹਸਪਤਾਲ ਲੁਧਿਆਣਾ ਲਿਆਂਦਾ ਗਿਆ, ਉਦੋਂ ਤੱਕ 6 ਸਾਲਾ ਬੱਚੀ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਵਿਅਕਤੀ ਦਾ ਨਾਮ ਸੰਦੀਪ ਹੈ। ਉਸਦੀ ਧੀ 6 ਸਾਲ ਦੀ ਕੋਹਿਨੂਰ ਹੈ। ਪਤਨੀ ਗਗਨ ਅਤੇ 10 ਸਾਲਾ ਬੇਟੀ ਅਰਲੀਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਮ੍ਰਿਤਕ ਸੰਦੀਪ ਪਿੰਡ ਲੋਹਾਰਾ ਦਾ ਰਹਿਣ ਵਾਲਾ ਸੀ। ਉਹ ਸੰਦੀਪ ਪਰਿਵਾਰ ਦਾ ਇੱਕੋ ਇੱਕ ਸਹਾਰਾ ਸੀ। ਮ੍ਰਿਤਕ ਸੰਦੀਪ ਸਿੰਘ ਬੋਨ ਬਰੈੱਡ ਵਿੱਚ ਡ੍ਰਾਈਵਰੀ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਪਿਛਲੇ -3 ਦਿਨਾਂ ਤੋਂ ਸੰਦੀਪ ਆਪਣੀ ਪਤਨੀ ਅਤੇ ਦੋਨਾਂ ਧੀਆਂ ਨਾਲ ਨਕੋਦਰ ਵਿਖੇ ਆਪਣੀ ਭੈਣ ਕੋਲ ਰਹਿ ਰਿਹਾ ਸੀ। ਅੱਜ ਉਹ ਭੈਣ ਦੇ ਘਰ ਤੋਂ ਆਪਣੇ ਜੀਜਾ ਦਾ ਮੋਟਰਸਾਈਕਲ ਲੈ ਕੇ ਨਾਨਕੇ ਘਰ ਸੁਲਤਾਨਪੁਰ ਲੋਧੀ ਗਿਆ ਸੀ। ਉਥੋਂ ਉਹ ਅੰਮ੍ਰਿਤਸਰ ਜਾ ਰਿਹਾ ਸੀ। ਸੁਲਤਾਨਪੁਰ ਅੰਮ੍ਰਿਤਸਰ ਹਾਈਵੇ ‘ਤੇ ਇਕ ਤੇਜ਼ ਰਫਤਾਰ ਈਟੀਓਸ ਕਾਰ ਚਾਲਕ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਕਾਰ ਚਾਲਕ ਤੁਰੰਤ ਮੌਕੇ ਤੋਂ ਫਰਾਰ ਹੋ ਗਿਆ। ਖੂਨ ਨਾਲ ਲੱਥਪੱਥ ਸੰਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਲੋਕਾਂ ਦੀ ਭੀੜ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਇਸ ਸਬੰਧੀ ਸਿਵਲ ਹਸਪਤਾਲ ਲੁਧਿਆਣਾ ਪੁੱਜੇ ਥਾਣਾ ਸੁਲਤਾਨਪੁਰ ਲੋਧੀ ਦੇ ਸਬ-ਇੰਸਪੈਕਟਰ ਮੇਜਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਮੌਕੇ ‘ਤੇ ਪਹੁੰਚੇ। ਜਿੱਥੋਂ ਸਾਰੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ‘ਚ ਲਿਜਾਇਆ ਗਿਆ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਜ਼ਖਮੀਆਂ ਦੇ ਬਿਆਨ ਦਰਜ ਕਰਕੇ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *