ਸ਼ੁਕਰਵਾਰ ਨੂੰ ਬਰਨਾਲਾ ਵਿਚ ਬਾਰਿਸ਼ ਨੇ ਇੱਕ ਗਰੀਬ ਪਰਿਵਾਰ ’ਤੇ ਅਜਿਹਾ ਕਹਿਰ ਢਹਾਇਆ ਕਿ ਘਰ ਦੀ ਛੱਤ ਡਿੱਗਣ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ। ਜਦੋਂ ਕਿ ਉਸਦੇ ਮਾਤਾ ਪਿਤਾ ਅਤੇ ਭੈਣ ਗੰਭੀਰ ਜ਼ਖ਼ਮੀ ਹੋ ਗਏ। ਜਿਨਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਛੱਤ ਡਿਗਣ ਕਾਰਨ ਪ੍ਰਿੰਸ ਨਾਮ ਦੇ 12 ਸਾਲਾ ਲੜਕੇ ਦੀ ਮੌਤ ਹੋ ਗਈ। ਛੱਤ ਡਿੱਗਣ ਦਾ ਪਤਾ ਜਦੋਂ ਗੁਆਂਢੀਆਂ ਨੂੰ ਲੱਗਿਆ ਤਾਂ ਉਹਨਾਂ ਨੇ ਮੌਕੇ ’ਤੇ ਪਹੁੰਚ ਕੇ ਬੜੀ ਮਸ਼ੱਕਤ ਨਾਲ ਘਰ ਦੇ ਮੈਂਬਰਾਂ ਨੂੰ ਬਾਹਰ ਕੱਢਿਆ। ਜਦੋਂ ਬੱਚੇ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਮ੍ਰਿਤਕ ਪਾਇਆ ਗਿਆ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਹੋਰ ਹੀ ਲਗਾਤਾਰ ਬਾਰਿਸ਼ ਕਾਰਨ ਹੀ ਇਹ ਛੱਤ ਡਿੱਗੀ ਹੈ। ਉਹਨਾਂ ਕਿਹਾ ਕਿ ਛੱਤ ਡਿੱਗਣ ਕਾਰਨ ਜਿੱਥੇ ਪਰਿਵਾਰਕ ਮੈਂਬਰ ਜਖ਼ਮੀ ਹੋਏ ਹਨ ਉਥੇ ਹੀ ਉਨ੍ਹਾਂ ਦਾ ਘਰ ਦਾ ਸਾਰਾ ਸਮਾਨ ਵੀ ਟੁੱਟ ਫੁੱਟ ਗਿਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਪਰਿਵਾਰ ਨੂੰ ਮੁਆਵਜਾ ਦਿੱਤਾ ਜਾਵੇ।