ਤਰਨਤਾਰਨ, 9 ਅਗਸਤ – ਤੇਜ ਰਫਤਾਰ ਕਾਰਨ ਆਏ ਦਿਨ ਹੋ ਰਹੇ ਸੜਕੀ ਹਾਦਸਿਆ ‘ਚ ਕਈ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ।ਸੋਮਵਾਰ ਵਾਲੇ ਦਿਨ ਤਰਨਤਾਰਨ ਦੇ ਪਿੰਡ ਕੱਦ ਗਿੱਲ ਨਜ਼ਦੀਕ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਹੋਏ ਭਿਆਨਕ ਸੜਕ ਹਾਦਸੇ ਵਿਚ 4 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ 3 ਗੰਭੀਰ ਰੂਪ ਵਿਚ ਜਖਮੀਂ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਵਰਨਾ ਕਾਰ ਵਿਚ ਸਵਾਰ 5 ਨੌਜਵਾਨ ਜੋ ਕਿ ਪਿੰਡ ਵਰਾਣਾ ਦੇ ਰਹਿਣ ਵਾਲੇ ਸਨ ਅੰਮ੍ਰਿਤਸਰ ਦੇ ਕਿਸੇ ਧਾਰਮਿਕ ਅਸਥਾਨ ਤੋਂ ਮੱਥਾ ਟੇਕ ਕੇ ਵਾਪਿਸ ਪਿੰਡ ਨੂੰ ਜਾ ਰਹੇ ਸਨ ਕਿ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ‘ਤੇ ਪਿੰਡ ਕੱਦਗਿਲ ਨਜ਼ਦੀਕ ਉਨ੍ਹਾਂ ਦੀ ਕਾਰ ਦੀ ਵੈਨਿਊ ਕਾਰ ਨਾਲ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਸਵਾਰ 4 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇੱਕ ਨੌਜਵਾਨ ਜਖਮੀਂ ਹੋ ਗਿਆ।ਇਸ ਤੋਂ ਇਲਾਵਾ ਵੈਨਿਊ ਕਾਰ ਵਿਚ ਸਵਾਰ 2 ਨੌਜਵਾਨ ਜੋ ਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ ਵੀ ਜਖਮੀਂ ਹੋ ਗਏ। ਮਰਨ ਵਾਲੇ ਚਾਰਾਂ ਨੌਜਵਾਨਾਂ ਦੀ ਉਮਰ 20 ਤੋਂ 30 ਸਾਲ ਦੱਸੀ ਜਾ ਰਹੀ ਹੈ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇੱਕ ਨੌਜਵਾਨ ਦਾ ਵਿਆਹ 4 ਮਹੀਨੇ ਪਹਿਲਾਂ ਦੀ ਹੋਇਆ ਸੀ।