ਜੋੜ ਮੇਲਾ ਕਰਵਾਉਣ ਨੂੰ ਲੈ ਕੇ ਸਥਿਤੀ ਹੋਈ ਤਨਾਅਪੂਰਨ

ਪਾਂਸ਼ਟਾ, 24 ਨਵੰਬਰ (ਰਜਿੰਦਰ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਲਾਨਾ ਜੋੜ ਮੇਲਾ ਗੁਰੂ ਨਾਨਕ ਦਰਬਾਰ ਪਿੰਡ ਕੁੱਕੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸਥਿਤੀ ਉਸ ਸਮੇਂ ਤਨਾਅਪੂਰਨ ਹੋ ਗਈ ਜਦੋਂ ਪਿੰਡ ਦੇ ਹੀ ਦਵਿੰਦਰ ਸਿੰਘ ਖਾਲਸਾ ਨਾਂਅ ਦੇ ਵਿਅਕਤੀ ਨੇ ਗੁਰੂ ਨਾਨਕ ਦਰਬਾਰ ਵਿਖੇ ਜੋੜ ਮੇਲੇ ਲਈ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਤੇ ਗੁਰਦੁਆਰਾ ਸਾਹਿਬ ਦੇ ਗੇਟ ਨੂੰ ਤਾਲਾ ਲਗਾ ਦਿੱਤਾ।ਦਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿਚ 1 ਕਨਾਲ 18 ਮਰਲੇ ਥਾਂ ਜਠੇਰਿਆਂ ਦੇ ਨਾਂਅ ‘ਤੇ ਹੈ ਜਿਸ ਦਾ ਕੇਸ ਕੋਰਟ ਵਿਚ ਚੱਲ ਰਿਹਾ ਹੈ ਤੇ ਇਸ ਦੀ ਸਟੇਅ ਵੀ ਉਸ ਨੂੰ ਮਿਲੀ ਹੋਈ ਹੈ। ਜੋੜ ਮੇਲੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਆ ਕੇ ਗੁਰੂ ਨਾਨਕ ਦਰਬਾਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣੇ ਸਨ ਪਰ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਜਾਣ ਤੋਂ ਮਨ੍ਹਾ ਕਰ ਦਿੱਤਾ ਤੇ ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾ ਦਿੱਤਾ । ਕਿਉਂਕਿ ਉਹ ਇਨ੍ਹਾਂ ਨੂੰ ਪਹਿਲਾਂ ਵੀ ਕਹਿ ਚੁੱਕਾ ਹੈ ਕਿ ਜਠੇਰਿਆਂ ਦੇ ਅਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਹੀਂ ਲਿਜਾਏ ਜਾ ਸਕਦੇ। ਸ੍ਰੀ ਅਕਾਲ ਤਖਤ ਦੇ ਹੁਕਮ ਵਿਚ ਵੀ ਕਿਹਾ ਗਿਆ ਹੈ ਕਿ ਜਠੇਰਿਆ ਅਤੇ ਪੈਲੇਸਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਹੀਂ ਲਿਜਾਏ ਜਾ ਸਕਦੇ। ਇਸ ਲਈ ਉਸ ਨੇ ਸ਼੍ਰੀ ਗੁਰਦੁਆਰਾ ਸਾਹਿਬ ਨੂੰ ਤਾਲਾ ਲਗਾਇਆ ਹੈ।ਮਾਹੌਲ ਗਰਮਾਉਂਦਾ ਦੇਖ ਡੀ.ਐੱਸ.ਪੀ ਹੁਸ਼ਿਆਰਪੁਰ ਪ੍ਰੇਮ ਸਿੰਘ ਭਾਰੀ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਗੁਰੂ ਨਾਨਕ ਦਰਬਾਰ ਦੇ ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਕਿ ਇਹ ਜੰਜੂਆ ਗੋਤਰ ਜਠੇਰਿਆ ਦਾ ਅਸਥਾਨ ਹੈ। 2015 ਵਿਚ ਪਿੰਡ ਦੀ ਪੰਚਾਇਤ ਅਤੇ ਮੋਹਤਬਾਰਾਂ ਦੀ ਮੌਜੂਦਗੀ ਵਿਚ ਇੱਥੇ ਜੋ ਮੱਠ ਸੀ ਉਸ ਨੂੰ ਢਾਹ ਕੇ ਥੜਾ ਸਾਹਿਬ ਬਣਾ ਦਿੱਤਾ ਗਿਆ ਸੀ ਤੇ ਇੱਥੇ ਸ੍ਰੀ ਅਖੰਡ ਪਾਠ ਸਾਹਿਬ ਰਖਵਾ ਦਿੱਤੇ ਗਏ ਸਨ। ਪਿੰਡ ਵੱਲੋਂ ਹਰ ਸਾਲ ਇੱਥੇ ਜੋੜ ਮੇਲਾ ਕਰਵਾਇਆ ਜਾਂਦਾ ਹੈ ਤੇ ਕਿਸੇ ਵੀ ਵਿਅਕਤੀ ਨੂੰ ਇਤਰਾਜ ਨਹੀਂ ਹੈ। 2019 ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਵੀ ਗੁਰੂ ਨਾਨਕ ਦਰਬਾਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੀ ਆਗਿਆ ਦੇ ਦਿੱਤੀ ਸੀ। ਅੱਜ ਵੀ ਜਦੋ ਇੱਥੇ ਜੋੜ ਮੇਲੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੈਣ ਲਈ ਗਏ ਤਾਂ ਦਵਿੰਦਰ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇਣ ਤੋਂ ਮਨ੍ਹਾ ਕਰਦੇ ਹੋਏ ਗੁਰੂ ਘਰ ਨੂੰ ਤਾਲਾ ਲਗਾ ਦਿੱਤਾ।ਇਸ ਨੂੰ ਲੈ ਕੇ ਡੀ.ਐੱਸ.ਪੀ ਪ੍ਰੇਮ ਸਿੰਘ ਨੇ ਦੱਸਿਆਂ ਕਿ ਇੱਥੇ ਪਹਿਲਾਂ ਜੰਜੂਆ ਗੋਤਰ ਜਠੇਰਿਆ ਦਾ ਅਸਥਾਨ ਸੀ ਤੇ 2015 ਵਿਚ ਪੰਚਾਇਤ ਨੇ ਮਤਾ ਪਾ ਕੇ ਇਸ ਜਗ੍ਹਾ ਦਾ ਨਾਂ ਗੁਰੂ ਨਾਨਕ ਦਰਬਾਰ ਰੱਖ ਦਿੱਤਾ ਸੀ। ਮਤੇ ‘ਤੇ ਦਵਿੰਦਰ ਸਿੰਘ ਦੇ ਵੀ ਹਸਤਾਖਰ ਹਨ। ਇਸ ਜਗ੍ਹਾ ‘ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੀ ਮਨਜ਼ੂਰੀ ਵੀ ਪ੍ਰਬੰਧਕ ਕਮੇਟੀ ਨੇ ਲਈ ਹੋਈ ਹੈ ਜਿਸ ਦੀ ਕਾਪੀ ਪ੍ਰਧਾਨ ਸਾਹਿਬ ਕੋਲ ਹੈ। ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਨੇ ਜੋ ਕੇਸ ਕੀਤਾ ਹੋਇਆ ਹੈ ਤੇ ਜੋ ਸਟੇਅ ਉਸ ਨੂੰ ਮਿਲੀ ਹੋਈ ਹੈ ਉਹ ਬਿਲਡਿੰਗ ਦੀ ਹੈ ਜਦਕਿ ਇਸ ਜਗ੍ਹਾ ਦਾ ਨਾਂਅ ਬਦਲ ਕੇ ਵੀ ਗੁਰੂ ਨਾਨਕ ਦਰਬਾਰ ਰੱਖ ਦਿੱਤਾ ਗਿਆ ਹੈ ਇਸ ਲਈ ਕਿਸੇ ਨੂੰ ਵੀ ਕੋਈ ਇਤਰਾਜ ਨਹੀਂ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਜਿੰਨੀ ਦੇਰ ਸ੍ਰੀ ਅਖੰਡ ਪਾਠਾਂ ਦੀ ਲੜੀ ਸਮਾਪਤ ਨਹੀਂ ਹੁੰਦੀ ਪੁਲਿਸ ਮੁਲਾਜ਼ਮ 24 ਘੰਟੇ ਇੱਥੇ ਤਾਇਨਾਤ ਰਹਿਣਗੇ।

Leave a Reply

Your email address will not be published. Required fields are marked *